
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਟਕਰਾਅ ਕਾਰਨ, ਬੀਸੀਸੀਆਈ ਨੇ ਆਈਪੀਐਲ ਨੂੰ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ, ਬੀਸੀਸੀਆਈ ਨੇ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਦੱਸ ਦਈਏ ਕਿ ਅਜੇ ਵੀ ਇਸ ਦੇ 12 ਲੀਗ ਮੈਚ ਬਾਕੀ ਹਨ। ਟੂਰਨਾਮੈਂਟ ਦਾ ਫਾਈਨਲ 25 ਮਈ ਨੂੰ ਹੋਣਾ ਸੀ।
ਦੱਸ ਦਈਏ ਕਿ 8 ਮਈ ਦੀ ਰਾਤ ਨੂੰ ਲਗਭਗ 8.30 ਵਜੇ, ਪਾਕਿਸਤਾਨ ਨੇ ਭਾਰਤ ਦੀਆਂ ਜੰਮੂ, ਪੰਜਾਬ ਅਤੇ ਰਾਜਸਥਾਨ ਸਰਹੱਦਾਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ। ਜੰਗ ਦੀ ਸਥਿਤੀ ਕਾਰਨ ਸ਼ਹਿਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਅਤੇ ਮੈਚ ਰੱਦ ਕਰ ਦਿੱਤਾ ਗਿਆ। ਇਹ ਲੀਗ ਪੜਾਅ ਦਾ 58ਵਾਂ ਮੈਚ ਸੀ।
ਬੀਸੀਸੀਆਈ ਨੇ ਆਈਪੀਐਲ ਟੀਮਾਂ ਨੂੰ ਵੀ ਮੁਅੱਤਲੀ ਬਾਰੇ ਸੂਚਿਤ ਕਰ ਦਿੱਤਾ ਹੈ। ਬੋਰਡ ਵੱਲੋਂ ਮੀਡੀਆ ਲਈ ਵੀ ਜਲਦੀ ਹੀ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ।