ਰਾਂਚੀ ਹਵਾਈ ਅੱਡੇ ‘ਤੇ ਇੰਡੀਗੋ ਦੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇੰਡੀਗੋ ਜਹਾਜ਼ ਹਵਾ ਵਿੱਚ ਸੀ, ਤਾਂ ਇੱਕ ਪੰਛੀ ਇਸ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਤੋਂ ਬਾਅਦ, ਪਾਇਲਟ ਨੇ ਤੁਰੰਤ ਹਵਾਈ ਕੰਟਰੋਲ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਰਾਂਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਇੰਡੀਗੋ ਦਾ ਜਹਾਜ਼ ਲਗਭਗ 4 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ, ਜਦੋਂ ਇਹ ਇੱਕ ਗਿਰਝ ਨਾਲ ਟਕਰਾ ਗਿਆ। ਗਿਰਝ ਦੇ ਟਕਰਾਉਣ ਤੋਂ ਬਾਅਦ ਪਾਇਲਟ ਨੂੰ ਜਹਾਜ਼ ਨੂੰ 40 ਮਿੰਟਾਂ ਤੱਕ ਹਵਾ ਵਿੱਚ ਰੱਖਣਾ ਪਿਆ। ਇਸ ਤੋਂ ਬਾਅਦ ਜਹਾਜ਼ ਨੂੰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਟੱਕਰ ਕਾਰਨ ਜਹਾਜ਼ ਦੇ ਅਗਲੇ ਹਿੱਸੇ ‘ਤੇ ਡੈਂਟ ਪੈ ਗਿਆ।ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ। ਜਹਾਜ਼ ਦੀ ਲੈਂਡਿੰਗ ਸਫਲ ਰਹੀ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਸ ਇੰਡੀਗੋ ਉਡਾਣ ਵਿੱਚ ਲਗਭਗ 175 ਯਾਤਰੀ ਸਵਾਰ ਸਨ। ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ, ਜਦੋਂ ਕਿ ਜਹਾਜ਼ ਏਅਰਬੱਸ 320 ਨੂੰ ਨੁਕਸਾਨ ਪਹੁੰਚਿਆ ਹੈ।