ਡਾ. ਵੀ ਨਰਾਇਣਨ ISRO ਦੇ ਨਵੇਂ ਚੇਅਰਮੈਨ ਨਿਯੁਕਤ, ਐਸ ਸੋਮਨਾਥ ਦੀ ਲੈਣਗੇ ਜਗ੍ਹਾ
ਨਵੀ ਦਿੱਲੀ : ਚੰਦਰਯਾਨ-3 ਰਾਹੀਂ ਭਾਰਤ ਨੂੰ ਇਤਿਹਾਸਕ ਸਫਲਤਾ ਦਿਵਾਉਣ ਵਾਲੇ ਇਸਰੋ ਦੇ ਮੁਖੀ ਐੱਸ. ਸੋਮਨਾਥ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਉਨ੍ਹਾਂ ਦਾ ਕਾਰਜਕਾਲ 14 ਜਨਵਰੀ ਨੂੰ ਖਤਮ ਹੋਵੇਗਾ। ਇਸ ਦੌਰਾਨ ਸਰਕਾਰ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੇਂ ਮੁਖੀ ਦਾ ਐਲਾਨ ਕੀਤਾ ਹੈ। ਅਧਿਕਾਰਤ ਬਿਆਨ ਮੁਤਾਬਕ ਡਾਕਟਰ ਵੀ. ਨਰਾਇਣਨ ਨੂੰ ਇਸਰੋ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
2 ਸਾਲ ਦਾ ਹੋਵੇਗਾ ਕਾਰਜਕਾਲ
ਡਾ. ਵੀ. ਨਰਾਇਣਨ ਵਿਗਿਆਨ ਦੇ ਖੇਤਰ ਵਿੱਚ ਇੱਕ ਨਾਮਵਰ ਨਾਮ ਹੈ। ਡਾ: ਨਰਾਇਣਨ ਨੇ 1984 ਵਿੱਚ ਇਸਰੋ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਡਾ.ਨਾਰਾਇਣਨ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਵਰਤਮਾਨ ਵਿੱਚ ਉਹ ਵਲਿਆਮਾਲਾ ਵਿਖੇ ਸਥਿਤ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਦੇ ਡਾਇਰੈਕਟਰ ਹਨ। ਡਾ. ਨਰਾਇਣਨ ਕੋਲ 40 ਸਾਲ ਦਾ ਤਜਰਬਾ ਹੈ। ਉਹ ਰਾਕੇਟ ਅਤੇ ਪੁਲਾੜ ਯਾਨ ਸੰਚਾਲਨ ਵਿੱਚ ਮਾਹਰ ਹਨ।
ਕਈ ਪੁਰਸਕਾਰਾਂ ਨਾਲ ਹੋ ਚੁੱਕੇ ਸਨਮਾਨਿਤ
ਡਾ. ਵੀ. ਨਰਾਇਣਨ ਨੂੰ ਕਈ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਆਈਆਈਟੀ ਖੜਗਪੁਰ ਤੋਂ ਸਿਲਵਰ ਮੈਡਲ, ਐਸਟ੍ਰੋਨਾਟਿਕਲ ਸੋਸਾਇਟੀ ਆਫ ਇੰਡੀਆ (ਏਐਸਆਈ) ਤੋਂ ਗੋਲਡ ਮੈਡਲ ਅਤੇ ਐਨਡੀਆਰਐਫ ਤੋਂ ਨੈਸ਼ਨਲ ਡਿਜ਼ਾਈਨ ਅਵਾਰਡ ਸ਼ਾਮਲ ਹਨ।