ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 3 ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਮਿਲ ਕੇ ਇੱਕ ਗਰੋਹ ਬਣਾਇਆ ਸੀ, ਜੋ ਦਿੱਲੀ ਪੁਲੀਸ ਦੇ ਰਿਕਾਰਡ ਵਿੱਚ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪਰਿਵਾਰਾਂ ਤੋਂ ਪੈਸੇ ਵਸੂਲਦਾ ਸੀ।
ਹੁਸ਼ਿਆਰਪੁਰ ਦੇ ਦਸੂਹਾ ‘ਚ ਜਦੋਂ ਉਹ ਇਸ ਤਰ੍ਹਾਂ ਦੇ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਪੈਸੇ ਲੈਣ ਤੋਂ ਬਾਅਦ ਲੈ ਕੇ ਜਾਣ ਲੱਗੇ ਤਾਂ ਕਿਸੇ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਨਾਕਾਬੰਦੀ ਕਰ ਕੇ ਬਿਨਾਂ ਨੰਬਰੀ ਸਕਾਰਪੀਓ ਗੱਡੀ ਸਮੇਤ 2 ਨੂੰ ਕਾਬੂ ਕਰ ਲਿਆ। ਹੁਸ਼ਿਆਰਪੁਰ ਪੁਲਸ ਮੁਤਾਬਕ ਦਿੱਲੀ ਪੁਲਸ ਦੇ 5 ਹੈੱਡ ਕਾਂਸਟੇਬਲਾਂ ਮਨੋਜ, ਰਾਜਾ, ਜੋਗਿੰਦਰ ਸਿੰਘ, ਦਸਬੀਰ ਸਿੰਘ ਅਤੇ ਸ਼੍ਰੀ ਪਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਮਨੋਜ ਅਤੇ ਰਾਜਾ ਫੜੇ ਗਏ। ਮੁਲਜ਼ਮਾਂ ਕੋਲੋਂ 1.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।
ਪੁਲਸ ਪੁੱਛਗਿੱਛ ਦੌਰਾਨ ਮਨੋਜ ਅਤੇ ਰਾਜਾ ਨੇ ਦੱਸਿਆ ਕਿ ਦੋਵੇਂ ਦਿੱਲੀ ਪੁਲਸ ‘ਚ ਹੈੱਡ ਕਾਂਸਟੇਬਲ ਹਨ। ਬਾਕੀ ਤਿੰਨ ਵੀ ਇਸੇ ਅਹੁਦੇ ’ਤੇ ਹਨ, ਪਰ ਇਨ੍ਹਾਂ ਵਿੱਚੋਂ ਦੋ ਨੂੰ ਬਰਖ਼ਾਸਤ ਕੀਤਾ ਹੋਇਆ ਹੈ। ਇਨ੍ਹਾਂ ਪੰਜਾਂ ਨੇ ਮਿਲ ਕੇ ਇੱਕ ਗਰੋਹ ਬਣਾ ਲਿਆ, ਜੋ ਦਿੱਲੀ ਦੇ ਪੀ.ਓ. ਐਲਾਨੇ ਗਏ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪੈਸੇ ਵਸੂਲਦੇ ਸੀ।
ਮੁਕੇਰੀਆਂ ਵਿੱਚ ਵੀ ਇਹ ਪੰਜੇ ਜਣੇ ਹਰਪ੍ਰੀਤ ਸਿੰਘ ਨਾਂ ਦੇ ਪੀ.ਓ. ਦੇ ਘਰ ਆਏ ਸਨ।ਪੁਲੀਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਹੁਸ਼ਿਆਰਪੁਰ ਪੁਲੀਸ ਨੂੰ ਬਿਨਾਂ ਸੂਚਿਤ ਕੀਤੇ ਛਾਪੇਮਾਰੀ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਬਿਨਾਂ ਨੰਬਰੀ ਸਕਾਰਪੀਓ ਕਾਰ ਸਮੇਤ ਪੁਲੀਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਗਿਰੋਹ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕਰੇਗੀ। ਇਸ ਦੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।