ਕੇਂਦਰ ਨੇ ਸੰਗਠਿਤ ਗੈਰ-ਕਾਨੂੰਨੀ ਨਿਵੇਸ਼ ਅਤੇ ਪਾਰਟ-ਟਾਈਮ ਨੌਕਰੀਆਂ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਇਹ ਵੈੱਬਸਾਈਟਾਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਵਲੋਂ ਚਲਾਈਆਂ ਜਾ ਰਹੀਆਂ ਸਨ ਅਤੇ ਜ਼ਿਆਦਾਤਰ ਸੇਵਾਮੁਕਤ ਕਰਮਚਾਰੀਆਂ, ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਾਰਟ-ਟਾਈਮ ਨੌਕਰੀਆਂ ਪ੍ਰਦਾਨ ਕਰਨ ਦੀ ਆੜ ਵਿਚ ਨਿਸ਼ਾਨਾ ਬਣਾਇਆ ਗਿਆ।
ਕੇਂਦਰੀ ਗ੍ਰਹਿ ਮੰਤਰਾਲਾ ਦੀ ਇਕਾਈ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14ਸੀ) ਨੇ ਆਪਣੀ ‘ਨੈਸ਼ਨਲ ਸਾਈਬਰ ਕ੍ਰਾਈਮ ਰਿਸਕ ਐਨਾਲਿਸਿਸ ਯੂਨਿਟ’ (ਐੱਨ. ਸੀ. ਟੀ. ਏ. ਯੂ.) ਰਾਹੀਂ ਪਿਛਲੇ ਸਾਲ ਸੰਗਠਿਤ ਨਿਵੇਸ਼ ਅਤੇ ਕਾਰਜ-ਆਧਾਰਿਤ ਪਾਰਟ-ਟਾਈਮ ਨੌਕਰੀ (ਟਾਸਕ ਬੈਸਟ ਪਾਰਟ ਟਾਈਮ ਜਾਬ) ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਨੂੰ ਬੰਦ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ।