ਜਾਣੋ 95 ਨਾਬਾਲਿਗ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੀ ਸੀ ਸਲੀਪਰ ਬੱਸ ?
ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਸਹਾਰਨਪੁਰ ਜਾ ਰਹੀ ਇੱਕ ਸਲੀਪਰ ਬੱਸ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਕਿਉਂਕਿ ਉਹਨਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਮਜ਼ਦੂਰੀ ਕਰਵਾਉਣ ਲਈ ਉਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਪਰੰਤੂ ਜਦੋ ਜਾਂਚ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ | ਦਰਅਸਲ ਇਸ ਬੱਸ ਵਿੱਚ ਈਦ ਦੀਆਂ ਛੁੱਟੀਆਂ ਤੋਂ ਬਾਅਦ ਸਾਰੇ ਬੱਚੇ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਮਦਰੱਸੇ ਜਾ ਰਹੇ ਸਨ। ਅਯੁੱਧਿਆ ਪੁਲਿਸ ਨੇ ਬਾਲ ਕਲਿਆਣ ਕਮੇਟੀ ਅਤੇ ਇੱਕ ਸਵੈ-ਸੇਵੀ ਸੰਸਥਾ ਨਾਲ ਮਿਲ ਕੇ ਇਸ ਬੱਸ ਨੂੰ ਸ਼ੌਂਕ ਦੇ ਆਧਾਰ ‘ਤੇ ਰੋਕਿਆ ਸੀ ਜਿਸ ਤੋਂ ਬਾਅਦ ਅਸਲ ਗੱਲ ਕੁਝ ਹੋਰ ਹੀ ਨਿਕਲੀ |
ਈਦ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਪਰਤ ਰਹੇ ਸਨ ਬੱਚੇ
ਅਯੁੱਧਿਆ ਦੀ ਬਾਲ ਕਲਿਆਣ ਕਮੇਟੀ ਦੇ ਚੇਅਰਮੈਨ ਸਰਵੇਸ਼ ਅਵਸਥੀ ਨੇ ਕਿਹਾ, ‘ਇਸ ਬੱਸ ‘ਚ ਅੱਠ ਤੋਂ 15 ਸਾਲ ਦੀ ਉਮਰ ਦੇ ਕੁੱਲ 95 ਬੱਚੇ ਸਫਰ ਕਰਦੇ ਪਾਏ ਗਏ। ਬੱਸ ਨੂੰ ਸ਼ੁੱਕਰਵਾਰ ਰਾਤ ਨੂੰ ਸ਼ਹਿਰੀ ਖੇਤਰ ਵਿੱਚ ਰੋਕਿਆ ਗਿਆ ਸੀ, ਹਾਲਾਂਕਿ, ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਾਰੇ ਬੱਚੇ ਬਿਹਾਰ ਦੇ ਅਰਰੀਆ ਦੇ ਰਹਿਣ ਵਾਲੇ ਸਨ ਅਤੇ ਸਹਾਰਨਪੁਰ ਦੇ ਇੱਕ ਮਦਰੱਸੇ ਵਿੱਚ ਦਾਖਲਾ ਲਿਆ ਸੀ। ਉਹ ਈਦ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਪਰਤ ਰਹੇ ਸਨ।
ਅਯੁੱਧਿਆ ਪੁਲਿਸ ਦੇ ਖੇਤਰ ਅਧਿਕਾਰੀ (ਸੀਓ) ਸ਼ੈਲੇਂਦਰ ਸਿੰਘ ਨੇ ਕਿਹਾ, ‘ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਚਿਆਂ ਨੂੰ ਸੁਰੱਖਿਅਤ ਰੂਪ ਨਾਲ ਲਖਨਊ ਦੇ ਸਰਕਾਰੀ ਸ਼ੈਲਟਰ ਹੋਮ ਵਿੱਚ ਲਿਜਾਇਆ ਗਿਆ। ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਛਾਣ ਕਰਨ ਲਈ ਸ਼ੈਲਟਰ ਹੋਮ ਪਹੁੰਚਣ ਲਈ ਕਿਹਾ ਗਿਆ ਸੀ। ਇਹ ਬੱਚਿਆਂ ਦੀ ਮਨੁੱਖੀ ਤਸਕਰੀ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਕੀਤਾ ਗਿਆ ਸੀ। ਸ਼ਨੀਵਾਰ ਨੂੰ ਜ਼ਿਆਦਾਤਰ ਬੱਚਿਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਸਹਾਰਨਪੁਰ ਭੇਜ ਦਿੱਤਾ ਗਿਆ।
ਮਨੁੱਖੀ ਤਸਕਰੀ ਬਾਰੇ ਪ੍ਰਸ਼ਾਸਨ ਨੂੰ ਦਿੱਤੀ ਗਲਤ ਜਾਣਕਾਰੀ
ਜਮੀਅਤ ਉਲੇਮਾ ਹਿੰਦ ਅਯੁੱਧਿਆ ਦੇ ਪ੍ਰਧਾਨ ਹਾਫਿਜ਼ ਇਰਫਾਨ ਅਹਿਮਦ ਨੇ ਪੀਟੀਆਈ ਨੂੰ ਦੱਸਿਆ, “ਪ੍ਰਸ਼ਾਸਨ ਨੂੰ ਮਨੁੱਖੀ ਤਸਕਰੀ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ ਜਿਸ ਨਾਲ ਭੰਬਲਭੂਸਾ ਪੈਦਾ ਹੋਇਆ ਹੈ। ਬੱਚਿਆਂ ਨੂੰ ਸੁਰੱਖਿਅਤ ਰੂਪ ਨਾਲ ਲਖਨਊ ਦੇ ਸਰਕਾਰੀ ਚਿਲਡਰਨ ਹੋਮ ਵਿੱਚ ਭੇਜ ਦਿੱਤਾ ਗਿਆ ਹੈ। ਬੱਚਿਆਂ ਦੇ ਮਾਪੇ ਵੀ ਪਹੁੰਚ ਰਹੇ ਹਨ। ਸਹਾਰਨਪੁਰ ਦੇ ਮਦਰੱਸੇ ਤੋਂ ਵੀ ਵੈਰੀਫਿਕੇਸ਼ਨ ਕੀਤੀ ਗਈ।