ਕੰਗਨਾ ਰਣੌਤ ਦੀ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਨਹੀਂ ਮਿਲੀ ਹਰੀ ਝੰਡੀ, ਰਿਲੀਜ਼ ਦੀ ਤਰੀਕ ਟਲੀ
ਫਿਲਮ ‘ਐਮਰਜੈਂਸੀ’ ਭਾਰਤੀ ਰਾਜਨੀਤੀ ਦੇ ਇੱਕ ਅਹਿਮ ਦੌਰ ਨੂੰ ਦਰਸਾਉਂਦੀ ਹੈ। ਇਸ ਵਿੱਚ ਕੰਗਨ ਰਣੌਤ ਨੇ ਨਾ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ, ਉਹ ਇਸਦੀ ਨਿਰਦੇਸ਼ਕ ਵੀ ਹੈ। ਰਿਪੋਰਟ ਮੁਤਾਬਕ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਫਿਲਮ ਨੂੰ ਸੀਬੀਐਫਸੀ ਤੋਂ ਮਨਜ਼ੂਰੀ ਨਹੀਂ ਮਿਲੀ ਕਿਉਂਕਿ ਬੋਰਡ ਮੈਂਬਰਾਂ ਨੂੰ ਧਮਕੀਆਂ ਮਿਲੀਆਂ ਸਨ। ਫਿਲਮ ਦੀ ਨਵੀਂ ਰਿਲੀਜ਼ ਡੇਟ ਅਜੇ ਤੈਅ ਨਹੀਂ ਹੋਈ ਹੈ।
ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ
ਕੰਗਨਾ ਨੇ ਸ਼ੁੱਕਰਵਾਰ ਨੂੰ ਐਕਸ ‘ਤੇ ਪੋਸਟ ਕੀਤੀ ਇਕ ਵੀਡੀਓ ਪੋਸਟ ‘ਚ ਕਿਹਾ ਸੀ, ‘ਇਸ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਕਿ ਸਾਡੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਸਰਟੀਫਿਕੇਟ ਦਿੱਤਾ ਗਿਆ ਹੈ। ਇਹ ਸੱਚ ਨਹੀਂ ਹੈ। ਦਰਅਸਲ, ਸਾਡੀ ਫਿਲਮ ਨੂੰ ਮਨਜ਼ੂਰੀ ਮਿਲ ਗਈ ਸੀ, ਪਰ ਸਰਟੀਫਿਕੇਸ਼ਨ ਰੋਕ ਦਿੱਤਾ ਗਿਆ ਹੈ ਕਿਉਂਕਿ ਸਾਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਸਨ। ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸੈਂਸਰ ਬੋਰਡ ਦੇ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਸਾਡੇ ‘ਤੇ ਦਬਾਅ ਹੈ ਕਿ ਇੰਦਰਾ ਗਾਂਧੀ ਦਾ ਕਤਲ ਨਾ ਦਿਖਾਉਣ, ਭਿੰਡਰਾਂਵਾਲੇ ਨੂੰ ਨਾ ਦਿਖਾਉਣ, ਪੰਜਾਬ ਦੇ ਦੰਗਿਆਂ ਨੂੰ ਨਾ ਦਿਖਾਉਣ। ਪਤਾ ਨਹੀਂ ਫਿਰ ਦਿਖਾਉਣ ਲਈ ਕੀ ਬਚੇਗਾ? ਇਹ ਮੇਰੇ ਲਈ ਵਿਸ਼ਵਾਸ ਕਰਨਾ ਮੁਸ਼ਕਲ ਹੈ, ਮੈਂ ਦੇਸ਼ ਦੇ ਹਾਲਾਤਾਂ ਤੋਂ ਬਹੁਤ ਦੁਖੀ ਹਾਂ।
#Emergency pic.twitter.com/Klko20kkqY
— Kangana Ranaut (@KanganaTeam) August 30, 2024
ਕਾਨੂੰਨੀ ਨੋਟਿਸ ਭੇਜ ਕੇ ਸਿੱਖਾਂ ਦੇ ਚਿੱਤਰਣ ਕਾਰਨ ਇਸ ਨੂੰ ਰੋਕਣ ਲਈ ਕਿਹਾ
ਜਦੋ ਤੋਂ ‘ਐਮਰਜੈਂਸੀ’ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਫ਼ਿਲਮ ਵਿਵਾਦਾਂ ਵਿੱਚ ਘਿਰੀ ਹੋਈ ਹੈ | ਇਸ ਵਿੱਚ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਵੱਖਰੇ ਸਿੱਖ ਰਾਜ ਲਈ ਇੰਦਰਾ ਗਾਂਧੀ ਦੀ ਪਾਰਟੀ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਨਾਰਾਜ਼ ਹੋ ਕੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੀਬੀਐਫਸੀ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਕੇ ਇਸ ਫਿਲਮ ਵਿੱਚ ਸਿੱਖਾਂ ਦੇ ਚਿੱਤਰਣ ਕਾਰਨ ਇਸ ਨੂੰ ਰੋਕਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ‘ਤੇ ਬਣੀ ਹੈ ਫਿਲਮ
‘ਐਮਰਜੈਂਸੀ’ ਇੱਕ ਸਿਆਸੀ ਡਰਾਮਾ ਹੈ, ਜਿਸ ਦੀ ਕਹਾਣੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਜੀਵਨ ਦੁਆਲੇ ਘੁੰਮਦੀ ਹੈ। ਕੰਗਨਾ ਮਰਹੂਮ ਸਿਆਸਤਦਾਨ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਇਕੱਲੇ ਹੀ ਕੀਤਾ ਹੈ। ਫਿਲਮ ‘ਚ ਸ਼੍ਰੇਅਸ ਤਲਪੜੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਅ ਰਹੇ ਹਨ। ਅਨੁਪਮ ਖੇਰ ਜੈਪ੍ਰਕਾਸ਼ ਨਾਰਾਇਣ ਦੀ ਭੂਮਿਕਾ ਵਿੱਚ ਹਨ। ਮਹਿਮਾ ਚੌਧਰੀ ਦੀ ਵੀ ਅਹਿਮ ਭੂਮਿਕਾ ਹੈ।