ਚੰਡੀਗੜ੍ਹ, 21 ਜੁਲਾਈ 2026 : ਪੰਜਾਬ ਵਿਚ ਕੁੱਝ ਸਮਾਂ ਪਹਿਲਾਂ ਬਣੇ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ) (Shiromani Akali Dal (Punar Surit)) ਤੋਂ ਇਕਬਾਲ ਝੂੰਦਾ ਤੇ ਸੰਤਾ ਸਿੰਘ ਉਮੈਦਪੁਰੀ ਵਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਗਿਆ ਹੈ ।
ਕੀ ਆਖਿਆ ਆਗੂਆਂ ਨੇ
ਮਿਲੀ ਜਾਣਕਾਰੀ ਅਨੁਸਾਰ ਆਪਣੇ ਆਪ ਨੂੰ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਵੱਖ ਕਰਨ ਵਾਲੇ ਆਗੂਆਂ ਇਕਬਾਲ ਸਿੰਘ ਝੂੰਦਾ (Iqbal Singh Jhunda) ਤੇ ਸੰਤਾ ਸਿੰਘ ਉਮੈਦਪੁਰੀ (Santa Singh Umaidpuri) ਨੇ ਆਖਿਆ ਹੈ ਕਿ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੰਥਕ ਏਕਤਾ ਲਈ ਇਕ ਸਾਂਝਾ ਪਲੇਟਫਾਰਮ ਸਥਾਪਿਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅਤੇ ਪੰਥ ਦੇ ਮਸਲਿਆਂ ਦਾ ਹੱਲ ਕਰਨਾ ਹੈ ਤਾਂ ਸਾਰੀਆਂ ਪੰਥਕ ਤਾਕਤਾਂ ਨੂੰ ਇੱਕਜੁੱਟ ਹੋਣਾ ਪਵੇਗਾ । ਦੱਸਣਯੋਗ ਹੈ ਕਿ ਉਪਰੋਕਤ ਦੋਵੇਂ ਆਗੂਆਂ ਨਾਲ 15 ਹੋਰ ਆਗੂ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਵੱਖ ਹੋ ਗਏ ਹਨ ।
ਪੰਥਕ ਸੋਚ ਰੱਖਣ ਵਾਲੀਆਂ ਸਮੁੱਚੀਆਂ ਜਥੇਬਦੀਆਂ ਤੇ ਆਗੂਆਂ ਨੂੰ ਕੀਤੀ ਅਪੀਲ
ਆਗੂਆਂ ਨੇ ਕਿਹਾ ਕਿ ਇਹ ਮੰਚ ਕਿਸੇ ਨਿੱਜੀ ਜਾਂ ਰਾਜਨੀਤਕ ਲਾਭ ਲਈ ਨਹੀਂ, ਸਗੋਂ ਸਿਰਫ਼ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਬਣਾਇਆ ਗਿਆ ਹੈ । ਉਨ੍ਹਾਂ ਪੰਥਕ ਸੋਚ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਇਸ ਯਤਨ ਨਾਲ ਜੁੜਨ ਅਤੇ ਅਕਾਲੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਹਿਯੋਗ ਕਰਨ ।
ਆਉਣ ਵਾਲੇ ਸਮੇਂ ਵਿਚ ਮੰਚ ਕਰੇਗਾ ਪੰਜਾਬ ਤੇ ਪੰਥ ਦੇ ਹਿਤਾਂ ਦੀ ਨੁਮਾਇੰਦਗੀ
ਉਨ੍ਹਾਂ ਇਸ ਮੌਕੇ ਸਾਰੇ ਸਹਿਯੋਗੀ ਆਗੂਆਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਥਕ ਕੌਂਸਲ (Panthic Council) ਦੇ ਇਸ ਸਾਂਝੇ ਮੰਚ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਥਕ ਸੋਚ ਅਤੇ ਬੀਬੀ ਪਰਮਜੀਤ ਕੌਰ ਸਮੇਤ ਧਾਰਮਿਕ ਰਵਾਇਤਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ । ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਇਹ ਮੰਚ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਮਜ਼ਬੂਤੀ ਨਾਲ ਨੁਮਾਇੰਦਗੀ ਕਰੇਗਾ । ਦੱਸਿਆ ਜਾ ਰਿਹਾ ਹੈ ਕਿ ਬਗਾਵਤ ਕਰਨ ਵਾਲੇ ਧੜੇ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਗਠਜੋੜ ਕੀਤਾ ਜਾਵੇਗਾ ।
ਮੰਚ ਦਾ ਇੱਕੋ-ਇੱਕ ਮਕਸਦ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ ਹੈ
ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਪਹਿਲ ਦਾ ਕੋਈ ਨਿੱਜੀ ਸਿਆਸੀ ਮਕਸਦ ਨਹੀਂ ਹੈ ਅਤੇ ਨਾ ਹੀ ਕਿਸੇ ਅਹੁਦੇ ਜਾਂ ਲਾਭ ਦੀ ਇੱਛਾ ਹੈ । ਉਨ੍ਹਾਂ ਕਿਹਾ ਕਿ ਇਸ ਮੰਚ ਦਾ ਇਕੋ-ਇਕ ਮਕਸਦ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ ਹੈ । ਇਸਦੇ ਨਾਲ ਹੀ ਉਨ੍ਹਾਂ ਸਾਰੇ ਅਕਾਲੀ ਆਗੂਆਂ, ਵਰਕਰਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਅਤੇ ਵੰਡ ਪੈਦਾ ਕਰਨ ਵਾਲੀਆਂ ਗੱਲਾਂ ਤੋਂ ਦੂਰ ਰਹਿ ਕੇ ਸਾਂਝੀ ਲੀਡਰਸ਼ਿਪ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ।









