ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਸਾਫ-ਸੁਥਰਾ ਕਰਨ ਦੀਆਂ ਹਦਾਇਤਾਂ
ਅੰਮ੍ਰਿਤਸਰ, 23 ਸਤੰਬਰ 2024 -ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਇਸ ਦੇ ਚੌਗਿਰਦੇ ਦੀ ਦੇਖ-ਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਜਾ ਕੇ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕਚਰਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸਾਹਨੀ ਨੇ ਖ਼ੁਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਅਤੇ ਗਲੀਆਂ ਦੀ ਹਾਲਤ ਵੇਖੀ ਅਤੇ ਸਾਰੇ ਵਿਭਾਗਾਂ ਨੂੰ ਇਸ ਵਿਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫਿਲਹਾਲ ਮੇਰਾ ਪਹਿਲਾ ਦੌਰਾ ਹੈ ਅਤੇ ਮੈਂ ਹੁਣ ਹਰ ਦੋ ਮਹੀਨਿਆਂ ਬਾਅਦ ਇਸ ਰਸਤੇ ਤੇ ਚੌਗਿਰਦੇ ਦੀ ਸਾਰ ਲਵਾਂਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਡਾ ਵੱਡਾ ਤੀਰਥ ਹੀ ਨਹੀਂ, ਬਲਕਿ ਸ਼ਹਿਰ ਵਿਚ ਵੱਧ ਰਹੇ ਧਾਰਮਿਕ ਟੂਰਜ਼ਿਮ ਦਾ ਵੀ ਮੁੱਖ ਕਾਰਨ ਵੀ ਹੈ। ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਉਂਦੇ ਸ਼ਰਧਾਲੂਆਂ ਕਾਰਨ ਇਥੋਂ ਦੀ ਸੈਰ ਸਪਾਟਾ ਸਨਅਤ ਵੱਧ ਫੁੱਲ ਰਹੀ ਹੈ, ਸੋ ਇਸ ਦੇ ਆਲੇ ਦੁਆਲੇ ਦਾ ਧਿਆਨ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਇਹ ਕੰਮ ਕੇਵਲ ਮੇਰਾ ਜਾਂ ਕਾਰਪੋਰੇਸ਼ਨ ਦਾ ਹੀ ਨਹੀਂ, ਬਲਕਿ ਇਥੇ ਆਉਂਦੇ ਹਰ ਸ਼ਰਧਾਲੂ, ਦੁਕਾਨਦਾਰਾਂ ਦਾ ਵੀ ਹੈ, ਜੋ ਕਿ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਉਨਾਂ ਕਿਹਾ ਕਿ ਜੇਕਰ ਆਪਾਂ ਸਾਰੇ ਇਸ ਦੀ ਸਾਫ-ਸਫਾਈ ਦਾ ਧਿਆਨ ਰੱਖਾਂਗੇ ਤਾਂ ਹੀ ਅਸੀਂ ਇਸ ਦੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਾਂ ਸਕਾਂਗੇ। ਉਨਾਂ ਗਲਿਆਰੇ ਦੀ ਸਾਫ਼ ਸਫਾਈ ਲਈ ਅੰਮ੍ਰਿਤਸਰ ਵਿਕਾਸ ਅਥਾਰਿਟੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਹ ਕੰਮ ਕਿਸੇ ਯੋਗ ਕੰਪਨੀ ਨੂੰ ਦੇਣ ਲਈ ਟੈਂਡਰ ਜਾਰੀ ਕਰਨ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ- ਜਾਪਾਨ ‘ਚ 5.9 ਤੀਬਰਤਾ ਦਾ ਭੂਚਾਲ
ਡਿਪਟੀ ਕਮਿਸ਼ਨਰ ਨੇ ਮੁੱਖ ਪਾਰਕਿੰਗ ਦਾ ਜਾਇਜ਼ਾ ਲੈਂਦੇ ਇਸ ਦੀ ਖਸਤਾ ਹਾਲਤ ਵੇਖੀ ਅਤੇ ਇਸ ਨੂੰ ਆਉਂਦੇ ਰਸਤੇ, ਕੰਪਲੈਕਸ ਵਿਚ ਲਾਇਟਾਂ ਦੀ ਘਾਟ, ਥਾਂ-ਥਾਂ ਖਿਲਰੀ ਗੰਦਗੀ, ਬਾਥਰੂਮਾਂ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਇਥੇ ਕੰਮ ਕਰ ਰਹੇ ਠੇਕੇਦਾਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਸਾਡੇ ਸ਼ਹਿਰ ਦਾ ਸਭ ਤੋਂ ਅਹਿਮ ਸਥਾਨ ਹੈ, ਕਿਉਂਕਿ ਸਭ ਤੋਂ ਪਹਿਲਾਂ ਸ਼ਰਧਾਲੂ ਤੁਹਾਡੇ ਕੋਲ ਪਹੁੰਚਦਾ ਹੈ। ਇੱਥੇ ਗੱਡੀ ਖੜੀ ਕਰਕੇ ਉਹ ਅੱਗੇ ਜਾਂਦਾ ਹੈ, ਸੋ ਲੋੜ ਹੈ ਕਿ ਤੁਸੀਂ ਇਸ ਨੂੰ ਸਾਫ ਸੁਥਰਾ ਰੱਖੋ। ਉਨਾਂ ਇਸ ਪਾਰਕਿੰਗ ਨੂੰ ਰੰਗ ਕਰਨ, ਸੂਚਨਾ ਬੋਰਡ ਲਗਾਉਣ, ਬਾਥਰੂਮਾਂ ਨੂੰ ਸਾਫ ਕਰਨ, ਲਿਫਟ ਚਾਲੂ ਕਰਨ, ਗੱਡੀਆਂ ਖ਼ੜੀਆਂ ਕਰਨ ਲਈ ਫਰਸ਼ ਉਤੇ ਲਾਇਨਾਂ ਲਗਾਉਣ, ਵਧੀਆ ਲਾਇਟਾਂ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ। ਉਨਾਂ ਵਿਰਾਸਤੀ ਗਲੀ ਵਿਚ ਲੱਗੇ ਬੁਤਾਂ ਦੀ ਸਾਫ ਸਫਾਈ ਕਰਨ ਦੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਹਦਾਇਤ ਵੀ ਕੀਤੀ।