IND vs BAN: ਭਾਰਤ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾਇਆ, ਟੈਸਟ ਸੀਰੀਜ਼ 2-0 ਨਾਲ ਜਿੱਤੀ

0
93

ਭਾਰਤ ਨੇ ਬੰਗਲਾਦੇਸ਼ ਖਿਲਾਫ ਦੂਜਾ ਅਤੇ ਆਖਰੀ ਟੈਸਟ 3 ਵਿਕਟਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਦੂਜੀ ਪਾਰੀ ‘ਚ ਬੰਗਲਾਦੇਸ਼ ਦੇ 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਨੇ ਤੀਜੇ ਦਿਨ ਸਟੰਪ ਤੱਕ 4 ਵਿਕਟਾਂ ‘ਤੇ 45 ਦੌੜਾਂ ਬਣਾ ਲਈਆਂ ਸਨ ਅਤੇ ਚੌਥੇ ਦਿਨ ਜਿੱਤ ਤੋਂ 100 ਦੌੜਾਂ ਦੂਰ ਸੀ।

ਚੌਥੇ ਦਿਨ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਭਾਰਤ ਨੇ 74 ਦੌੜਾਂ ‘ਤੇ ਆਪਣੀਆਂ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਬੰਗਲਾਦੇਸ਼ ਨੇ ਦੂਜੇ ਟੈਸਟ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾਈਆਂ, ਪਹਿਲੀ ਪਾਰੀ ਵਿੱਚ ਬੰਗਲਾਦੇਸ਼ ਲਈ ਮੋਮਿਨੁਲ ਹੱਕ ਨੇ 84 ਦੌੜਾਂ ਬਣਾਈਆਂ, ਉਸ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ 30 ਦੇ ਅੰਕੜੇ ਨੂੰ ਛੂਹ ਨਹੀਂ ਸਕਿਆ।

ਭਾਰਤ ਲਈ ਉਮੇਸ਼ ਯਾਦਵ ਅਤੇ ਅਸ਼ਵਿਨ ਨੇ 4-4 ਵਿਕਟਾਂ ਲਈਆਂ, ਜਦਕਿ ਜੈਦੇਵ ਉਨਾਦਕਟ ਨੇ 2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾਈਆਂ ਅਤੇ 87 ਦੌੜਾਂ ਦੀ ਬੜ੍ਹਤ ਹਾਸਲ ਕੀਤੀ, ਜਿਸ ਵਿੱਚ ਸ਼੍ਰੇਅਸ ਅਈਅਰ ਨੇ 87 ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ 93 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ਵਿੱਚ 231 ਦੌੜਾਂ ਬਣਾਈਆਂ ਅਤੇ ਭਾਰਤ ਨੂੰ 145 ਦੌੜਾਂ ਦਾ ਟੀਚਾ ਦਿੱਤਾ।

ਦੂਜੀ ਪਾਰੀ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸ਼ੁਭਮਨ ਗਿੱਲ (7), ਕੇਐਲ ਰਾਹੁਲ (2), ਵਿਰਾਟ ਕੋਹਲੀ (1) ਅਤੇ ਚੇਤੇਸ਼ਵਰ ਪੁਜਾਰਾ (6) ਸਸਤੇ ’ਚ ਚੱਲੇ। ਇਸ ਤੋਂ ਬਾਅਦ ਅਕਸ਼ਰ ਪਟੇਲ ਨੂੰ ਬੱਲੇਬਾਜ਼ੀ ਲਈ ਮੈਦਾਨ ‘ਤੇ ਉਤਾਰਿਆ ਗਿਆ ਪਰ ਉਹ ਵੀ 34 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅਸ਼ਵਿਨ ਨੇ ਅਜੇਤੂ 42 ਅਤੇ ਅਈਅਰ ਨੇ ਅਜੇਤੂ 29 ਦੌੜਾਂ ਬਣਾ ਕੇ ਭਾਰਤ ਨੂੰ 3 ਵਿਕਟਾਂ ਨਾਲ ਜਿੱਤ ਦਿਵਾਈ।

LEAVE A REPLY

Please enter your comment!
Please enter your name here