ਕੋਰੋਨਾ ਵਾਇਰਸ ਤੇ ਮੰਕੀਪੌਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼-ਵਿਦੇਸ਼ ‘ਚ ਕੋਰੋਨਾ ਵਾਇਰਸ ਵਾਂਗ ਹੀ ਹੁਣ ਮੰਕੀਪੌਕਸ ਦੇ ਮਾਮਲੇ ਵੀ ਵਧਣੇ ਸ਼ੁੁਰੂੁ ਹੋ ਗਏ ਹਨ। ਕੈਨੇਡਾ ਵਿਚ ਮੰਕੀਪਾਕਸ ਦੇ 1059 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਬਲਿਕ ਹੈਲਥ ਏਜੰਸੀ (PHAC) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਪੁਸ਼ਟੀ ਕੀਤੇ ਕੇਸਾਂ ਵਿੱਚੋਂ 511 ਮਾਮਲੇ ਓਨਟਾਰੀਓ, 426 ਕਿਊਬਿਕ, 98 ਬ੍ਰਿਟਿਸ਼ ਕੋਲੰਬੀਆ, 19 ਅਲਬਰਟਾ, 3 ਸਸਕੈਚਵਨ ਅਤੇ 2 ਯੂਕੋਨ ਤੋਂ ਹਨ।
PHAC ਨੇ ਕਿਹਾ ਕਿ ਸਰਕਾਰ ਦੇਸ਼ ਵਿਆਪੀ ਰਣਨੀਤਕ ਪ੍ਰਤੀਕਿਰਿਆ ਦੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੂਬਾਈ ਅਤੇ ਖੇਤਰੀ ਜਨਤਕ ਸਿਹਤ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਇਮਵਾਮਿਊਨ ਵੈਕਸੀਨ ਦੀਆਂ 80,000 ਤੋਂ ਵੱਧ ਖੁਰਾਕਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇੱਥੋਂ ਦੀਆਂ ਲੈਬਸ ਟੈਕਨੀਸ਼ੀਅਨਾਂ ਨੂੰ ਕੰਟਰੋਲ ਸਮੱਗਰੀ ਅਤੇ ਪ੍ਰੋਟੋਕੋਲ ਮੁਹੱਈਆ ਕਰਵਾ ਕੇ ਇਸ ਦੀ ਜਾਂਚ ਵਿੱਚ ਮਦਦ ਕਰ ਰਹੀਆਂ ਹਨ।
ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਇੱਥੇ ਵੀ ਹੁਣ ਤੱਕ ਮੰਕੀਪੌਕਸ ਦੇ ਕਾਫੀ ਮਾਮਲੇ ਸਾਹਮਣੇ ਆ ਗਏ ਹਨ। ਇਸਦੇ ਨਾਲ ਹੀ ਕੋਰੋਨਾ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 2,136 ਨਵੇਂ ਮਾਮਲੇ ਸਾਹਮਣੇ ਆਏ ਅਤੇ 10 ਮਰੀਜ਼ਾਂ ਦੀ ਮਹਾਂਮਾਰੀ ਕਾਰਨ ਮੌਤ ਹੋ ਗਈ, ਜਦੋਂ ਕਿ ਲਾਗ ਦੀ ਦਰ 15.02 ਪ੍ਰਤੀਸ਼ਤ ਰਹੀ। ਇਹ ਜਾਣਕਾਰੀ ਇੱਥੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਹ ਲਗਾਤਾਰ 10ਵਾਂ ਦਿਨ ਹੈ ਜਦੋਂ ਸ਼ਹਿਰ ਵਿੱਚ ਇੱਕ ਦਿਨ ਵਿੱਚ 2,000 ਤੋਂ ਵੱਧ ਕੇਸ ਦਰਜ ਹੋਏ ਹਨ।
ਰਾਜਧਾਨੀ ਵਿੱਚ ਦੋ ਹਜ਼ਾਰ ਤੋਂ ਵੱਧ ਮਾਮਲੇ ਇੱਕ ਵਾਰ ਫਿਰ ਸਾਹਮਣੇ ਆਏ ਹਨ
13 ਫਰਵਰੀ ਨੂੰ ਰਾਸ਼ਟਰੀ ਰਾਜਧਾਨੀ ‘ਚ ਇਸ ਕੋਵਿਡ ਮਹਾਂਮਾਰੀ ਕਾਰਨ 12 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਬੁਲੇਟਿਨ ਦੇ ਅਨੁਸਾਰ ਕੋਵਿਡ -19 ਲਈ 14,225 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਸ਼ੁੱਕਰਵਾਰ ਨੂੰ ਇਹ ਨਵੇਂ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਦਿੱਲੀ ਵਿੱਚ ਲਾਗ ਦੇ 2,726 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਮਹਾਂਮਾਰੀ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਾਗ ਦੀ ਦਰ 14.38 ਪ੍ਰਤੀਸ਼ਤ ਰਹੀ।