ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ`ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਰਿਲੀਜ਼ ਹੁੰਦੇ ਹੀ ਇਸ ਗੀਤ ਨੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਦੇ ਰਾਹੀਂ ਗੁਰਦਾਸ ਮਾਨ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਗੀਤ ਰਾਹੀਂ ਗੁਰਦਾਸ ਮਾਨ ਨੇ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਬਖੂਬੀ ਦਰਸਾਇਆ ਹੈ।
ਇਸ ਗੀਤ ਵਿਚ ਗੁਰਦਾਸ ਮਾਨ ਪੰਜਾਬੀਆਂ ਨੂੰ ‘ਪੰਜਾਬੀ ਬੋਲੀ ਦੇ ਠੇਕੇਦਾਰ’ ਕਹਿੰਦੇ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਇਸ ਗੀਤ ‘ਚ ਪੰਜਾਬੀਆਂ ‘ਤੇ ਤਿੱਖੇ ਤੰਜ ਕੱਸੇ ਹਨ। ਇਸ ਗੀਤ ਨੂੰ ਰਿਲੀਜ਼ ਕਰਨ ਦੇ ਨਾਲ ਯੂਟਿਊਬ ਦੇ ਡਿਸਕ੍ਰਿਪਸ਼ਨ ਵਿਚ ਡਿਸਕਲੇਮਰ ਵੀ ਦਿੱਤਾ ਗਿਆ ਹੈ। ਇਸ ਵਿਚ ਮਾਨ ਵੱਲੋਂ ਲਿਖਿਆ ਗਿਆ ਹੈ, “ਇਸ ਰਚਨਾ ਵਿਚ ਵਿਖਾਏ ਗਏ ਗੀਤ, ਗੀਤ ਦੇ ਬੋਲ ਤੇ ਕਹਾਣੀ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪ੍ਰਸਤੁਤ ਕੀਤੀ ਗਈ ਹਨ ਉਹ ਕਾਲਪਨਿਕ ਹਨ। ਵਾਸਤਵਿਕਤਾ ਵਿਚ ਇਸ ਦਾ ਕਿਸੀ ਇਨਸਾਨ (ਜੀਵੀਤ ਜਾਂ ਮ੍ਰਿਤ), ਜਗਾਹ, ਸੰਸਥਾਨ ਤੇ ਸਾਮਾਨ ਨਾਲ ਕੋਈ ਸਬੰਧ ਨਹੀਂ ਹੈ।”
ਦੱਸ ਦਈਏ ਕਿ ਗੁਰਦਾਸ ਮਾਨ ਨੇ ਕੁੱਝ ਦਿਨ ਪਹਿਲਾਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ ਅਤੇ ਨਾਲ ਹੀ ਪੋਸਟਰ ਸ਼ੇਅਰ ਕੀਤਾ ਸੀ। ਗੀਤ ਦੇ ਪੋਸਟਰ ‘ਤੇ ਉਹ ਮਿਹਣੇ ਦੇਖੇ ਜਾ ਸਕਦੇ ਹਨ, ਜੋ ਗੁਰਦਾਸ ਮਾਨ ਨੂੰ ਉਦੋਂ ਸੁਣਨੇ ਪਏ ਸਨ, ਜਦੋਂ ਉਹ ਹਿੰਦੀ ਨੂੰ ਮਾਂ ਬੋਲੀ ਆਖ ਬੈਠੇ ਸੀ। ਇਸ ਤੋਂ ਬਾਅਦ ਪੰਜਾਬੀਆਂ ਨੇ ਮਾਨ ਨੂੰ ਖ਼ੂਬ ਟਰੋਲ ਕੀਤਾ ਸੀ। ਇਸ ਗੀਤ ਦੀ ਇੱਕ ਲਾਈਨ ਵਿਚ ਤਾਂ ਮਾਨ ਇਹ ਵੀ ਕਹਿ ਰਹੇ ਹਨ ਕਿ ‘ਬੇਕਦਰੇ ਲੋਕਾਂ ‘ਚ ਕੀ ਕਦਰ ਕਰਾ ਲੇਂਗਾ।”
ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ ‘ਚ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਿਰੋਧ ਹੋਇਆ ਸੀ।