ਲੁਧਿਆਣਾ ਦੇ ਗਿਆਸਪੁਰਾ ਸਥਿਤ ਇਕ ਫੈਕਟਰੀ ਵਿਚ ਕਾਰਬਨ ਡਾਈਆਕਸਾਈਡ (CO2) ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗਿਆਸਪੁਰਾ ਸਥਿਤ ਇਕ ਫੈਕਟਰੀ ਅੰਦਰੋਂ ਗੈਸ ਲੀਕ ਹੋਣ ਮਗਰੋਂ ਕਈ ਲੋਕ ਬੇਹੋਸ਼ ਹੋ ਗਏ।ਹਾਸਿਲ ਜਾਣਕਾਰੀ ਮੁਤਾਬਕ ਦਰਜਨ ਤੋਂ ਉੱਤੇ ਮਜ਼ਦੂਰ ਗੈਸ ਲੀਕ ਨਾਲ ਬੇਹੋਸ਼ ਹੋ ਚੁੱਕੇ ਹਨ। ਸੂਤਰਾਂ ਮੁਤਾਬਕ ਗੈਸ ਲੀਕ ਕਾਰਨ ਇਕ ਸਕੂਲ ਦੇ ਕਈ ਸਕੂਲੀ ਬੱਚੇ ਵੀ ਬੇਹੋਸ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜਿਹੇ ਹਾਲਾਤ ਮਗਰੋਂ ਫੈਕਟਰੀ ਅੰਦਰ ਕੰਮ ਕਰਦੇ ਲੋਕਾਂ ‘ਚ ਇਕਦਮ ਭੱਜਦੌੜ ਮਚ ਗਈ।
ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। ਆਸ-ਪਾਸ ਦੇ ਲੋਕਾਂ ਨੂੰ ਫੈਕਟਰੀ ਦੇ ਨੇੜਿਓਂ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਹ ਗੈਸ ਨਾ ਚੜ੍ਹ ਜਾਵੇ। ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਇਕ ਟੈਂਕ ‘ਚੋਂ ਗੈਸ ਫੈਕਟਰੀ ‘ਚ ਸ਼ਿਫਟ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਜਲੰਧਰ ਦੇ ਭੋਗਪੁਰ ‘ਚ ਛਿਪੇ ਗੈਂਗਸਟਰ, ਪੂਰਾ ਪਿੰਡ ਛਾਉਣੀ ‘ਚ ਤਬਦੀਲ
ਇਸ ਦੌਰਾਨ ਇਸ ਦਾ ਵਾਲ ਲੀਕ ਹੋ ਗਿਆ, ਜਿਸ ਤੋਂ ਬਾਅਦ ਫੈਕਟਰੀ ਅੰਦਰ ਗੈਸ ਫੈਲ ਗਈ ਅਤੇ ਮਜ਼ਦੂਰਾਂ ‘ਚ ਹਫੜਾ-ਦਫੜੀ ਮਚ ਗਈ। ਮਜ਼ਦੂਰਾਂ ਫੈਕਟਰੀ ਅੰਦਰੋਂ ਇਕਦਮ ਬਾਹਰ ਦੌੜੇ। ਇਹ ਗੈਸ ਹਵਾ ‘ਚ ਫੈਲਣ ਮਗਰੋਂ ਇਲਾਕੇ ਦੇ ਲੋਕ ਘਬਰਾ ਗਏ। ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਵੱਲੋਂ ਟੈਂਕ ‘ਤੇ ਪਾਣੀ ਸੁੱਟਿਆ ਗਿਆ ਤਾਂ ਜੋ ਗੈਸ ਦੀ ਲੀਕੇਜ ਨੂੰ ਰੋਕਿਆ ਜਾ ਸਕੇ।