ਪੰਜਾਬ ਪੁਲਿਸ ਹੁਣ ਗੈਂਗਸਟਰ ਗੋਲਡੀ ਬਰਾੜ ‘ਤੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੂੰ ਵਾਪਸ ਪੰਜਾਬ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।

ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਪੁਲਿਸ ਟੀਮਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਪ੍ਰਦੀਪ ਸਿੰਘ ਦੀ ਟਾਰਗੈੱਟ ਕਿਲਿੰਗ ’ਚ ਸ਼ਾਮਲ ਛੇਵੇਂ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਵੱਲੋਂ ਰਚੀ ਗਈ ਸਾਜ਼ਿਸ਼ ਤਹਿਤ ਪ੍ਰਦੀਪ ਨੂੰ 10 ਨਵੰਬਰ 2022 ਨੂੰ ਕੋਟਕਪੂਰਾ ’ਚ ਉਸ ਦੀ ਦੁਕਾਨ ਦੇ ਬਾਹਰ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਇਸ ਟਾਰਗੈੱਟ ਕਿਲਿੰਗ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ, ਜਿਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ ਤੇ ਉਸ ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ। ਇਸ ਆਪ੍ਰੇਸ਼ਨ ਨੂੰ ਕੇਂਦਰੀ ਏਜੰਸੀਆਂ ਤੇ ਰਾਜਸਥਾਨ ਪੁਲਸ ਟੀਮਾਂ ਦੇ ਤਾਲਮੇਲ ਨਾਲ ਸਫ਼ਲ ਬਣਾਇਆ ਗਿਆ। ਡੀ.ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਨੂੰ ਅਪਰਾਧ, ਨਸ਼ਾ ਅਤੇ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ।

LEAVE A REPLY

Please enter your comment!
Please enter your name here