FIFA World Cup: ਫਰਾਂਸ ਨੂੰ ਹਰਾ ਅਰਜਨਟੀਨਾ ਤੀਜੀ ਵਾਰ ਬਣਿਆ ਵਿਸ਼ਵ ਚੈਂਪੀਅਨ

0
58

ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਟਰਾਫੀ ਉਤੇ ਕਬਜ਼ਾ ਕਰ ਲਿਆ। ਅਰਜਨਟੀਨਾ ਨੇ 36 ਸਾਲ ਬਾਅਦ ਤੀਜੀ ਵਾਰ ਵਿਸ਼ਵ ਕੱਪ ਖ਼ਿਤਾਬ ਉਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ 1978 ਤੇ 1986 ਵਿਚ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ। ਦੋ-ਦੋ ਗੋਲਾਂ ਨਾਲ ਮੁਕਾਬਲਾ ਬਰਾਬਰ ਰਹਿਣ ਉਤੇ ਕਈ ਵਾਰ ਵਾਧੂ ਸਮਾਂ ਦਿੱਤਾ ਗਿਆ।

ਇਸੇ ਦੌਰਾਨ ਅਰਜਨਟੀਨਾ ਵੱਲੋਂ ਲਿਓਨਲ ਮੈਸੀ ਨੇ ਗੋਲ ਕਰ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਕਾਇਲੀਅਨ ਐਮਬਾਪੇ ਨੇ ਮੈਚ ਦਾ ਆਪਣਾ ਤੀਜਾ ਗੋਲ ਕਰਦਿਆਂ ਫਰਾਂਸ ਨੂੰ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ। ਮੁਕਾਬਲਾ ਤਿੰਨ-ਤਿੰਨ ਨਾਲ ਬਰਾਬਰ ਹੋਣ ਅਤੇ ਵਾਧੂ ਸਮਾਂ ਦੇਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਫੈਸਲਾ ਲਿਆ ਗਿਆ ਜਿਸ ਵਿਚ ਫਰਾਂਸ ਦੋ ਗੋਲ ਕਰਨ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਅਰਜਨਟੀਨਾ ਵੱਲੋਂ ਸਟਾਰ ਫੁਟਬਾਲਰ ਲਿਓਨਲ ਮੈਸੀ ਤੇ ਏਂਜਲ ਡੀ ਮਾਰੀਆ ਨੇ ਪਹਿਲੇ ਅੱਧ ਵਿਚ ਹੀ ਇਕ-ਇਕ ਗੋਲ ਕਰ ਕੇ ਆਪਣੀ ਟੀਮ ਨੂੰ ਦੋ ਗੋਲਾਂ ਨਾਲ ਅੱਗੇ ਕਰ ਦਿੱਤਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੈਸੀ ਨੇ 23ਵੇਂ ਮਿੰਟ ਵਿਚ ਪੈਨਲਟੀ ਕਿੱਕ ਰਾਹੀਂ ਟੂਰਨਾਮੈਂਟ ਦਾ ਆਪਣਾ ਛੇਵਾਂ ਗੋਲ ਕੀਤਾ ਤੇ ਅਰਜਨਟੀਨਾ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਜਦਕਿ ਏਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿਚ ਗੋਲ ਕਰ ਕੇ ਅਰਜਨਟੀਨਾ ਨੂੰ 2-0 ਦੀ ਲੀਡ ਦਿਵਾ ਦਿੱਤੀ। ਪਰ ਫਰਾਂਸ ਦੇ ਸਟਾਰ ਖਿਡਾਰੀ ਕਾਇਲੀਅਨ ਐਮਬਾਪੇ ਨੇ 97 ਸਕਿੰਟਾਂ ਦੇ ਫ਼ਰਕ ਨਾਲ ਦੋ ਗੋਲ ਕਰ ਕੇ ਮੈਚ ਹੀ ਪਲਟ ਦਿੱਤਾ ਤੇ ਆਪਣੀ ਟੀਮ ਨੂੰ ਅਰਜਨਟੀਨਾ ਦੇ ਬਰਾਬਰ ਲਿਆ ਖੜ੍ਹਾ ਕੀਤਾ।

ਐਮਬਾਪੇ ਨੇ ਪਹਿਲਾ ਗੋਲ ਪੈਨਲਟੀ ਰਾਹੀਂ 80ਵੇਂ ਮਿੰਟ ਵਿਚ ਕੀਤਾ ਜਦਕਿ ਦੂਜਾ ਗੋਲ 81ਵੇਂ ਮਿੰਟ ਵਿਚ ਹੀ ਕਰ ਦਿੱਤਾ। ਐਮਬਾਪੇ ਨੇ ਪੈਨਲਟੀ ਸ਼ੂਟਆਊਟ ਵਿਚ ਵੀ ਗੋਲ ਕੀਤਾ। ਇਸ ਤਰ੍ਹਾਂ ਐਮਬਾਪੇ ਵਿਸ਼ਵ ਕੱਪ ਫਾਈਨਲ ਵਿਚ ਹੈਟਟ੍ਰਿਕ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਅਰਜਨਟੀਨਾ ਨੇ ਮੈਚ ਦੀ ਸ਼ੁਰੂਆਤ ਵਿਚ ਹੀ ਸਕਾਰਾਤਮਕ ਰੁਖ਼ ਅਪਣਾਇਆ ਤੇ ਲਗਾਤਾਰ ਹੱਲੇ ਬੋਲੇ। ਇਸੇ ਦੌਰਾਨ ਜੂਲੀਅਨ ਅਲਵਾਰੇਜ਼ ਨੂੰ ਵੀ ਚੰਗਾ ਮੌਕਾ ਮਿਲਿਆ ਜਿਸ ਦਾ ਹਾਲਾਂਕਿ ਉਹ ਲਾਹਾ ਨਹੀਂ ਲੈ ਸਕਿਆ।

ਮੈਕ ਐਲਿਸਟਰ ਨੇ ਵੀ ਸ਼ੂਟ ਲਾ ਕੇ ਮੌਕਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਾਲ ਸਿੱਧੀ ਫਰਾਂਸ ਦੇ ਗੋਲਕੀਪਰ ਹਿਊਗੋ ਲੌਰਿਸ ਦੇ ਹੱਥਾਂ ਵਿਚ ਗਈ। ਮੈਚ ਦੇ 14ਵੇਂ ਮਿੰਟ ਵਿਚ ਹੀ ਕਾਇਲੀਅਨ ਐਮਬਾਪੇ ਨੇ ਵੀ ਫਰਾਂਸ ਲਈ ਗੋਲ ਦਾ ਮੌਕਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ।

 

LEAVE A REPLY

Please enter your comment!
Please enter your name here