ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਹਮਲੇ ‘ਚ ਉਹ ਵਾਲ -ਵਾਲ ਬਚ ਗਏ ਹਨ। ਜਾਣਕਾਰੀ ਮੁਤਾਬਕ ਕ੍ਰਿਸਟੀਨਾ ਦੇ ਘਰ ਦੇ ਬਾਹਰ ਇਕ ਵਿਅਕਤੀ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਲਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 9.30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਹਮਲਾਵਰ ਨੇ ਉਪ ਰਾਸ਼ਟਰਪਤੀ ‘ਤੇ ਪਿਸਤੌਲ ਤਾਣੀ ਤਾਂ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਪਿੱਛੇ ਧੱਕ ਦਿੱਤਾ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ । ਹਮਲਾਵਰ ਨੂੰ ਸੁਰੱਖਿਆ ਕਰਮੀਆਂ ਨੇ ਤੁਰੰਤ ਕਾਬੂ ਕਰ ਲਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਹਮਲਾਵਰ ਬ੍ਰਾਜ਼ੀਲ ਮੂਲ ਦਾ ਦੱਸਿਆ ਜਾ ਰਿਹਾ ਹੈ।
ਸੁਰੱਖਿਆ ਮੰਤਰੀ ਅਨੀਬਲ ਫਰਨਾਂਡੀਜ਼ ਨੇ ਦੱਸਿਆ, ‘ਜਿਸ ਵਿਅਕਤੀ ਕੋਲ ਹਥਿਆਰ ਸੀ, ਉਸ ਨੂੰ (ਉਪ ਰਾਸ਼ਟਰਪਤੀ ਦੇ) ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ ‘ਚ ਲੈ ਲਿਆ ਹੈ।’ ਮੰਤਰੀ ਨੇ ਕਿਹਾ ਕਿ ਉਹ ਅਜੇ ਇਸ ਸਬੰਧ ਵਿਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ, ਹਥਿਆਰ ਲਗਭਗ ਫਰਨਾਂਡੀਜ਼ ਦੇ ਚਿਹਰੇ ਨੂੰ ਛੂਹਦਾ ਦਿਖਾਈ ਦੇ ਰਿਹਾ ਹੈ।
ਸਰਕਾਰੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਕਤਲ ਦੀ ਕੋਸ਼ਿਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇੱਕ ਸਰਕਾਰੀ ਵਕੀਲ ਵੱਲੋਂ ਜਨਤਕ ਕੰਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਕੇਸ ਵਿੱਚ ਫਰਨਾਂਡੀਜ਼ ਲਈ 12 ਸਾਲ ਦੀ ਸਜ਼ਾ ਦੀ ਮੰਗ ਕੀਤੇ ਜਾਣ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਸਮਰਥਕ ਉਨ੍ਹਾਂ ਨਾਲ ਇੱਕਜੁੱਟਤਾ ਦਿਖਾਉਣ ਲਈ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਸੜਕਾਂ ‘ਤੇ ਜਮ੍ਹਾਂ ਹੁੰਦੇ ਰਹੇ ਹਨ। ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ 2007 ਤੋਂ 2015 ਤੱਕ ਦੇਸ਼ ਦੀ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ।