ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਰਾਮ ਰਹੀਮ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਹੋ ਕੇ ਅੱਜ ਸ਼ਨੀਵਾਰ ਸਵੇਰੇ 6:55 ਵਜੇ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਾਗਪਤ ਲਈ ਰਵਾਨਾ ਹੋਇਆ।
ਦਰਅਸਲ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਦੀ ਅਰਜ਼ੀ ਸ਼ੁੱਕਰਵਾਰ ਨੂੰ ਸਵੀਕਾਰ ਕਰ ਲਈ ਗਈ।
ਦਰਅਸਲ ਇਹ ਕਦਮ ਆਦਮਪੁਰ ਵਿਧਾਨ ਸਭਾ ਉਪ ਚੋਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ। ਆਦਮਪੁਰ ਵਿੱਚ 3 ਨਵੰਬਰ ਨੂੰ ਜ਼ਿਮਨੀ ਚੋਣ ਹੋਣੀ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਜੂਨ ‘ਚ ਇਕ ਮਹੀਨੇ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਫਰਵਰੀ ‘ਚ ਤਿੰਨ ਹਫਤਿਆਂ ਦੀ ਫਰਲੋ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਬਾਗਪਤ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਰੁਕੇਗਾ।
ਗੁਰਮੀਤ ਰਾਮ ਰਹੀਮ ਸਿਰਸਾ ਸਥਿਤ ਡੇਰੇ ਦੇ ਹੈੱਡਕੁਆਰਟਰ ਵਿਚ ਆਪਣੇ ਆਸ਼ਰਮ ਵਿੱਚ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਅਗਸਤ 2017 ਵਿੱਚ ਪੰਚਕੂਲਾ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।