ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਆਪਕ ਦਿਵਸ ‘ਤੇ ਅਧਿਆਪਕਾਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਜਿਨ੍ਹਾਂ ‘ਚੋਂ ਇੱਕ ਫੈਸਲਾ ਇਹ ਲਿਆ ਗਿਆ ਹੈ ਕਿ 8736 ਅਧਿਆਪਕਾਂ ਨੂੰ ਪੱਕਾ ਕਰਨ ‘ਤੇ ਮੋਹਰ ਲਗਾ ਦਿੱਤੀ ਗਈ ਹੈ।
ਅਧਿਆਪਕ ਦਿਵਸ ਮੌਕੇ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ 7ਵਾਂ ਤਨਖਾਹ ਕਮਿਸ਼ਨ 1 ਅਕਤੂਬਰ, 2022 ਤੋਂ ਲਾਗੂ ਕੀਤਾ ਜਾਵੇਗਾ।’’ ਦੱਸਣਯੋਗ ਹੈ ਕਿ ਯੂਜੀਸੀ ਦੇ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣਾ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ ਵੱਡੀ ਮੰਗ ਹੈ। ਮਾਨ ਨੇ ਅੱਗੇ ਦੱਸਿਆ ਕਿ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ ਅਧਿਆਪਕ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।