ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਫਾਈਨਲ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਅੱਜ ਭਾਰਤ ਦੀ ਕੁੜੀਆਂ ਦੀ ਕ੍ਰਿਕਟ ਟੀਮ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨੇ ਦੇ ਮੈਡਲ ਲਈ ਖੇਡੇਗੀ …ਕਪਤਾਨ ਹਰਮਨਪ੍ਰੀਤ ਕੌਰ ਦੀ ਟੀਮ ਨੂੰ ਸ਼ੁਭਕਾਮਨਾਵਾਂ …
ਭਾਰਤੀ ਮਹਿਲਾ ਟੀਮ ਸੈਮੀਫਾਈਨਲ ‘ਚ ਇੰਗਲੈਂਡ ਨੂੰ 4 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚੀ ਹੈ। ਅੱਜ ਹੋਣ ਵਾਲੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਉਨ੍ਹਾਂ ਦਾ ਸਾਹਮਣਾ ਟੀ-20 ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।
ਭਾਰਤੀ ਮਹਿਲਾ ਟੀਮ ਲਈ ਫਾਈਨਲ ਮੁਕਾਬਲਾ ਪੂਰਾ ਚੁਣੌਤੀ ਵਾਲਾ ਰਹੇਗਾ ਕਿਉਂਕਿ ਟੀਮ ਨੇ ਹੁਣ ਤੱਕ ਕੋਈ ਵੀ ਗਲੋਬਲ ਟੂਰਨਾਮੈਂਟ ਨਹੀਂ ਜਿੱਤਿਆ ਹੈ। 2020 ਵਿੱਚ ਆਸਟਰੇਲੀਆ ਵਿੱਚ ਹੋਏ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਵੱਡੀ ਹਾਰ ਦਿੱਤੀ ਸੀ। ਇਸ ਤੋਂ ਇਲਾਵਾ ਖੇਡਾਂ ਦੇ ਪਹਿਲੇ ਮੈਚ ਵਿੱਚ ਵੀ ਭਾਰਤੀ ਟੀਮ ਆਸਟਰੇਲੀਆ ਹੱਥੋਂ ਹਾਰ ਗਈ ਸੀ। ਅਜਿਹੇ ‘ਚ ਜੇਕਰ ਭਾਰਤ ਨੂੰ ਗੋਲਡ ਜਿੱਤਣਾ ਹੈ ਤਾਂ ਹਰ ਖਿਡਾਰੀ ਨੂੰ 100 ਫੀਸਦੀ ਦੇਣਾ ਹੋਵੇਗਾ।
ਮਾਰਚ 2020 ਵਿੱਚ ਮੈਲਬੋਰਨ ਦੇ ਮੈਦਾਨ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ, ਆਸਟਰੇਲੀਆ ਨੇ ਪਹਿਲਾਂ ਖੇਡਦੇ ਹੋਏ 4 ਵਿਕਟਾਂ ਉੱਤੇ 184 ਦੌੜਾਂ ਦਾ ਵੱਡਾ ਸਕੋਰ ਬਣਾਇਆ। ਓਪਨਰ ਬੱਲੇਬਾਜ਼ ਐਲੀਸਾ ਹੀਲੀ ਨੇ 75 ਅਤੇ ਬੇਥ ਮੂਨੀ ਨੇ 78 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਸਿਰਫ 99 ਦੌੜਾਂ ‘ਤੇ ਹੀ ਸਿਮਟ ਗਈ। 8 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਦੀਪਤੀ ਸ਼ਰਮਾ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਮੇਗਨ ਸ਼ੂਟ ਨੇ 4 ਅਤੇ ਖੱਬੇ ਹੱਥ ਦੇ ਸਪਿਨਰ ਜੇਸ ਜੋਨਾਸਨ ਨੇ 3 ਵਿਕਟਾਂ ਲਈਆਂ।