ਜ਼ਿਮਨੀ ਚੋਣਾਂ: BJP ਨੇ ਜਿੱਤੀਆਂ ਚਾਰ ਸੀਟਾਂ

0
208

6 ਸੂਬਿਆਂ ਦੇ 7 ਵਿਧਾਨ ਸਭਾ ਹਲਕਿਆਂ ਵਿਚ 3 ਨਵੰਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੇ ਚਾਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਹਰਿਆਣਾ, ਯੂਪੀ, ਬਿਹਾਰ ਤੇ ਉੜੀਸਾ ਦੀ ਇਕ-ਇਕ ਸੀਟ ਭਾਜਪਾ ਦੇ ਹਿੱਸੇ ਆਈ ਹੈ ਜਦਕਿ ਬਿਹਾਰ ਦੀ ਮੋਕਾਮਾ ਸੀਟ ਆਰਜੇਡੀ ਨੇ ਜਿੱਤੀ ਹੈ। ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਦੀ ਉਮੀਦਵਾਰ ਰੁਤੁਜਾ ਲਟਕੇ ਨੇ ਮੁੰਬਈ ਦੀ ਅੰਧੇਰੀ (ਪੂਰਬੀ) ਸੀਟ ਜਿੱਤ ਲਈ ਹੈ।

ਤਿਲੰਗਾਨਾ ਦੀ ਮੁਨੁਗੋੜੂ ਸੀਟ ਟੀਆਰਐੱਸ ਨੇ ਭਾਜਪਾ ਨੂੰ ਹਰਾ ਕੇ ਜਿੱਤ ਲਈ ਹੈ। ਭਾਜਪਾ ਨੇ ਹਰਿਆਣਾ ਦੀ ਆਦਮਪੁਰ ਸੀਟ ਕਾਂਗਰਸ ਦੇ ਉਮੀਦਵਾਰ ਨੂੰ 16 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਲਈ ਹੈ। ਇੱਥੋਂ ਭਵਿਆ ਬਿਸ਼ਨੋਈ ਨੇ ਕਾਂਗਰਸ ਉਮੀਦਵਾਰ ਜੈ ਪ੍ਰਕਾਸ਼ ਨੂੰ ਹਰਾਇਆ ਹੈ। ਇਸ ਜਿੱਤ ਨਾਲ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪਰਿਵਾਰ ਨੇ ਇਸ ਹਲਕੇ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਭਵਿਆ ਬਿਸ਼ਨੋਈ ਭਜਨ ਲਾਲ ਦੇ ਪੋਤਰੇ ਹਨ। ਆਦਮਪੁਰ ਦੀ ਸੀਟ ਤੋਂ ਸੰਨ 1968 ਤੋਂ ਭਜਨ ਲਾਲ ਦਾ ਪਰਿਵਾਰ ਹੀ ਜਿੱਤਦਾ ਰਿਹਾ ਹੈ।

ਕੁਲਦੀਪ ਬਿਸ਼ਨੋਈ ਵੱਲੋਂ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖਾਲੀ ਹੋਈ ਸੀ। ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਯੂਪੀ ਦੀ ਗੋਲਾ ਗੋਕਰਨਨਾਥ ਸੀਟ ਭਾਜਪਾ ਨੇ ਆਪਣੇ ਕੋਲ ਰੱਖਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਾਰਟੀ ਉਮੀਦਵਾਰ ਅਮਨ ਗਿਰੀ ਨੇ ‘ਸਪਾ’ ਦੇ ਉਮੀਦਵਾਰ ਨੂੰ 34 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਹ ਸੀਟ ਭਾਜਪਾ ਵਿਧਾਇਕ ਅਰਵਿੰਦ ਗਿਰੀ ਦੀ ਮੌਤ ਕਾਰਨ ਖਾਲੀ ਹੋਈ ਸੀ।

ਬਿਹਾਰ ਵਿਚ ਆਰਜੇਡੀ ਦੀ ਉਮੀਦਵਾਰ ਨੀਲਮ ਦੇਵੀ ਨੇ ਮੋਕਾਮਾ ਸੀਟ 16 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਇਸ ਸੀਟ ਤੋਂ ਉਨ੍ਹਾਂ ਦੇ ਵਿਧਾਇਕ ਪਤੀ ਅਨੰਤ ਕੁਮਾਰ ਸਿੰਘ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਤੇ ਸੀਟ ਖਾਲੀ ਹੋ ਗਈ ਸੀ। ਬਿਹਾਰ ਦੀ ਗੋਪਾਲਗੰਜ ਸੀਟ ਭਾਜਪਾ ਨੇ ਆਪਣੇ ਕੋਲ ਕਾਇਮ ਰੱਖੀ ਹੈ। ਭਾਜਪਾ ਉਮੀਦਵਾਰ ਕੁਸੁਮ ਦੇਵੀ ਨੇ ਇੱਥੇ ਆਰਜੇਡੀ ਉਮੀਦਵਾਰ ਨੂੰ ਮਾਤ ਦਿੱਤੀ ਹੈ। ਇਹ ਸੀਟ ਕੁਸੁਮ ਦੇਵੀ ਦੇ ਪਤੀ ਵਿਧਾਇਕ ਸੁਭਾਸ਼ ਸਿੰਘ ਦੀ ਮੌਤ ਕਾਰਨ ਖਾਲੀ ਹੋਈ ਸੀ। ਕੁਸੁਮ ਦੇਵੀ ਨੂੰ 70,032 ਤੇ ਆਰਜੇਡੀ ਦੇ ਮੋਹਨ ਗੁਪਤਾ ਨੂੰ 68,243 ਵੋਟਾਂ ਪਈਆਂ। ਇਹ ਜ਼ਿਮਨੀ ਚੋਣਾਂ ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਮਹਾਗੱਠਜੋੜ ਦੀ ਪ੍ਰੀਖਿਆ ਵੀ ਸਨ ਜੋ ਕਿ ਤਿੰਨ ਮਹੀਨੇ ਪਹਿਲਾਂ ਬਣਿਆ ਹੈ। ਭਾਜਪਾ ਪਹਿਲੀ ਵਾਰ ਮੋਕਾਮਾ ਸੀਟ ਤੋਂ ਚੋਣ ਲੜੀ ਹੈ ਜਦਕਿ ਇਸ ਤੋਂ ਪਹਿਲਾਂ ਇਹ ਸੀਟ ਭਾਈਵਾਲਾਂ (ਜੇਡੀਯੂ ਤੇ ਹੋਰਾਂ) ਲਈ ਛੱਡੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਸੱਤ ਸੀਟਾਂ ’ਤੇ ਜ਼ਿਮਨੀ ਚੋਣ 3 ਨਵੰਬਰ ਨੂੰ ਹੋਈ ਸੀ।

ਹਰਿਆਣਾ ਦੇ ਆਦਮਪੁਰ ਹਲਕੇ ਵਿਚ ਹੋਈ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ 15,740 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਹਰਿਆਣਾ ਦੀ ਸਿਆਸਤ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਚੌਧਰੀ ਭਜਨ ਲਾਲ ਦੀ ਤੀਜੀ ਪੀੜ੍ਹੀ ਨੇ ਆਦਮਪੁਰ ਹਲਕੇ ’ਤੇ ਪਰਿਵਾਰ ਦਾ ਕਬਜ਼ਾ ਵੀ ਬਰਕਰਾਰ ਰੱਖਿਆ ਹੈ। ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੂੰ 51.32 ਫ਼ੀਸਦ (67,492) ਵੋਟਾਂ ਪਈਆਂ ਹਨ। ਦੂਜੇ ਨੰਬਰ ’ਤੇ ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਰਹੇ ਹਨ, ਜਿਨ੍ਹਾਂ ਨੂੰ 51,752 ਵੋਟਾਂ ਪਈਆਂ ਹਨ, ਇਸ ਤਰ੍ਹਾਂ ਉਨ੍ਹਾਂ ਨੂੰ 39.56 ਫ਼ੀਸਦ ਵੋਟਾਂ ਪਈਆਂ। ਚੋਣ ਮੈਦਾਨ ਵਿੱਚ ਨਿੱਤਰੇ ਆਮ ਆਦਮੀ ਪਾਰਟੀ (ਆਪ) ਤੇ ਇਨੈਲੋ ਸਣੇ 20 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।

‘ਆਪ’ ਨੇ ਸਤਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਸ ਨੂੰ 3420 ਵੋਟਾਂ ਪਈਆਂ ਹਨ। ਹਰਿਆਣਾ ਦੀ ਸੱਤਾ ਉਤੇ ਕਾਬਜ਼ ਰਹੀ ਇਨੈਲੋ ਦੇ ਉਮੀਦਵਾਰ ਕੁਰਦਾ ਰਾਮ ਨੰਬਰਦਾਰ ਨੂੰ ਵੀ 5248 ਵੋਟਾਂ ਹੀ ਪਈਆਂ ਹਨ। ਦੱਸਣਯੋਗ ਹੈ ਕਿ ਆਦਮਪੁਰ ਜ਼ਿਮਨੀ ਚੋਣ 3 ਨਵੰਬਰ ਨੂੰ ਹੋਈ ਸੀ ਤੇ 75 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਸੀ।

ਵੋਟਾਂ ਦੀ ਗਿਣਤੀ 13 ਗੇੜਾਂ ਵਿੱਚ ਹੋਈ। ਭਵਿਆ ਬਿਸ਼ਨੋਈ ਨੇ ਪਹਿਲੇ ਗੇੜ ਵਿੱਚ ਹੀ 2314 ਵੋਟਾਂ ਦੀ ਲੀਡ ਬਣਾ ਲਈ ਸੀ। ਜਿੱਤ ਤੋਂ ਬਾਅਦ ਕੁਲਦੀਪ ਬਿਸ਼ਨੋਈ ਅਤੇ ਭਵਿਆ ਬਿਸ਼ਨੋਈ ਨੇ ਆਦਮਪੁਰ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਕਰਾਰ ਦਿੱਤਾ। ਦੱਸਣਯੋਗ ਹੈ ਕਿ ਭਵਿਆ ਦੇ ਪਿਤਾ ਤੇ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਨਾਲ ਆਪਸੀ ਮੱਤਭੇਦਾਂ ਕਾਰਨ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਮਗਰੋਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਦੇ ਪੁੱਤਰ ਨੂੰ ਟਿਕਟ ਦਿੱਤੀ ਸੀ।

LEAVE A REPLY

Please enter your comment!
Please enter your name here