ਅੰਮ੍ਰਿਤਸਰ, 13 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਕਸਟਮ ਵਿਭਾਗ ਨੇ ਗੈਰ-ਕਾਨੂੰਨੀ ਤੌਰ ‘ਤੇ ਤਸਕਰੀ ਕੀਤੀਆਂ ਸਿਗਰਟਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਕਸਟਮ ਅਧਿਕਾਰੀਆਂ ਨੂੰ ਏਅਰ ਏਸ਼ੀਆ ਫਲਾਈਟ 94 ‘ਤੇ ਅੰਮ੍ਰਿਤਸਰ ਆਉਣ ਵਾਲੇ ਦੋ ਯਾਤਰੀਆਂ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ ।
ਦੋਵੇਂ ਯਾਤਰੀਆਂ ਨੂੰ ਜਦੋਂ ਕਸਟਮ ਅਧਿਕਾਰੀਆਂ ਨੇ ਜਾਂਚ ਲਈ ਰੋਕਿਆ
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਫਾਈਲਿੰਗ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਸਟਮ ਅਧਿਕਾਰੀਆਂ (Customs officials) ਨੇ ਦੋਵਾਂ ਯਾਤਰੀਆਂ ਨੂੰ ਜਾਂਚ ਲਈ ਰੋਕਿਆ ਤਾਂ ਸਾਮਾਨ ਦੀ ਪੂਰੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਲੈਣ ਤੇ 67 ਹਜ਼ਾਰ 600 ਸਿਗਰਟ (67 thousand 600 cigarettes) ਦੀਆਂ ਸਟਿੱਕਾਂ ਦਾ ਖੁਲਾਸਾ ਹੋਇਆ । ਇਹ ਸਿਗਰਟਾਂ ਕਸਟਮ ਜਾਂਚ ਤੋਂ ਬਚਣ ਲਈ ਬੈਗਾਂ ਅਤੇ ਹੋਰ ਚੀਜ਼ਾਂ ਵਿੱਚ ਚਲਾਕੀ ਨਾਲ ਲੁਕਾਈਆਂ ਗਈਆਂ ਸਨ ।
ਜ਼ਬਤ ਕੀਤੀਆਂ ਸਿਗਰਟਾਂ ਦੀ ਕਿੰਨੀ ਹੈ ਅੰਦਾਜਨ ਕੀਮਤ
ਕਸਟਮ ਵਿਭਾਗ ਵਲੋਂ ਜ਼ਬਤ ਕੀਤੀਆਂ ਗਈਆਂ ਸਿਗਰਟਾਂ ਦੀ ਅੰਦਾਜਨ ਬਾਜ਼ਾਰ ਕੀਮਤ ਲਗਭਗ 11.49 ਲੱਖ ਹੈ । ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਸਿਗਰਟਾਂ ਕਸਟਮ ਡਿਊਟੀ ਅਦਾ ਕੀਤੇ ਬਿਨਾਂ ਭਾਰਤ ਵਿੱਚ ਲਿਆਂਦੀਆਂ ਜਾ ਰਹੀਆਂ ਸਨ ਜੋ ਕਿ ਕਸਟਮ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ । ਕਸਟਮ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ ਅਤੇ ਪੂਰੀ ਖੇਪ ਜ਼ਬਤ ਕਰ ਲਈ ।
ਕਸਟਮ ਅਧਿਕਾਰੀਆਂ ਨੇ ਕੀ ਆਖਿਆ
ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਇਸ ਤਸਕਰੀ ਵਿੱਚ ਕੋਈ ਸੰਗਠਿਤ ਗਿਰੋਹ ਸ਼ਾਮਲ ਹੈ । ਉਹ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਪਹਿਲਾਂ ਵੀ ਇਸ ਤਰ੍ਹਾਂ ਦੀ ਤਸਕਰੀ ਹੋਈ ਹੈ । ਅਧਿਕਾਰੀਆਂ ਨੇ ਕਿਹਾ ਕਿ ਕਸਟਮ ਵਿਭਾਗ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਜਿਹੀ ਕਾਰਵਾਈ ਜਾਰੀ ਰੱਖੇਗਾ । ਉਨ੍ਹਾਂ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਸਟਮ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਕੀਤੀ ਜਾਵੇਗੀ ।
Read More : ਕਸਟਮ ਵਿਭਾਗ ਨੇ ਵਿਦੇਸ਼ ਤੋਂ ਲਿਆਂਦੀਆਂ 18 ਲੱਖ ਦੀਆਂ ਸਿਗਰਟਾਂ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ









