ਨਵੀਂ ਦਿੱਲੀ : ਤਹਿਲਕਾ ਪੱਤਰਿਕਾ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ ਤੇਜਪਾਲ ਨੂੰ ਗੋਆ ਦੀ ਸੈਸ਼ਨ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਗੋਆ ਸੈਸ਼ਨ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ 8 ਸਾਲ ਬਾਅਦ ਰੇਪ ਮਾਮਲੇ ਤੋਂ ਬਰੀ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪੱਤਰਕਾਰ ਦੀ ਇੱਕ ਮਹਿਲਾ ਸਾਥੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2013 ‘ਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਤਰੁਣ ਤੇਜਪਾਲ ਨੇ ਉਸਦਾ ਦਾ ਸਰੀਰਕ ਸ਼ੋਸ਼ਣ ਕੀਤਾ।
ਇਸ ਤੋਂ ਬਾਅਦ ਤਰੁਣ ਤੇਜਪਾਲ ਨੂੰ 30 ਨਵੰਬਰ 2013 ‘ਚ ਰੇਪ ਕੇਸ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਗੋਆ ਦੇ ਇੱਕ ਫਾਈਵ ਸਟਾਰ ਹੋਟਲ ‘ਚ 7 ਨਵੰਬਰ 2013 ਨੂੰ ਥਿੰਕ ਫੈਸਟ ਚੱਲ ਰਿਹਾ ਸੀ। ਇਸ ਫੈਸਟ ‘ਚ ਪੱਤਰਕਾਰ ਤਰੁਣ ਤੇਜਪਾਲ ਸਮੇਤ ਦੁਨੀਆ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ। ਇਸ ਪ੍ਰੋਗਰਾਮ ‘ਚ ਉਹ ਮਹਿਲਾ ਵੀ ਸ਼ਾਮਿਲ ਹੋਈ ਜਿਸ ਨੇ ਤਰੁਣ ਤੇਜਪਾਲ ‘ਤੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।