ਕੋਰੋਨਾ ਮਹਾਂਮਾਰੀ ਨੇ ਹਰ ਪਾਸੇ ਹਾਹਾਕਾਰ ਮਚਾਈ ਹੋਈ ਹੈ। ਪੂਰੇ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਆਮ ਵਿਅਕਤੀ ਤੋਂ ਲੈ ਕੇ ਵੱਡੀ ਹਸਤੀਆਂ ਵੀ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਹੁਣ ਖਬਰ ਹੈ ਕਿ ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਘਰ ਵਿਚ ਹੀ ਕੁਆਰੰਟੀਨ ਹਨ।ਮਿਲਖਾ ਸਿੰਘ ਦੇ ਬੇਟੇ ਅਤੇ ਗੋਲਫਰ ਜੀਵ ਮਿਲਖਾ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਉਸ ਨੂੰ 101 ਡਿਗਰੀ ਬੁਖਾਰ ਸੀ। ਪਰ ਹੁਣ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਘਰ ਵਿਚ ਆਇਸੋਲੇਟ ਹਨ। ਉਹ ਖੁਦ ਵੀ ਹੈਰਾਨ ਹਨ ਕਿਸ ਤਰ੍ਹਾਂ ਇਸ ਲਾਗ ਦੀ ਚਪੇਟ ਵਿਚ ਆ ਗਏ।

ਮਿਲਖਾ ਸਿੰਘ ਨੇ ਬੁੱਧਵਾਰ ਨੂੰ ਸਵੇਰ ਦੀ ਸੈਰ ਤੋਂ ਬਾਅਦ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਵਿੱਚ ਉਨ੍ਹਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਿਲਕੁਲ ਸਥਿਰ ਹੈ ਅਤੇ ਉਹ ਅਜੇ ਵੀ ਘਰ ਵਿੱਚ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨੀਂ 91 ਸਾਲਾ ਮਿਲਖਾ ਸਿੰਘ ਨੇ ਲੋਕਾਂ ਨੂੰ ਲਾਕਡਾਉਨ ਵਿਚ ਘਰ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।