ਕੈਨੇਡਾ ‘ਚ ਲਗਾਤਾਰ ਕਤਲ ਦੀ ਵਾਰਦਾਤਾਂ ਹੋ ਰਹੀਆਂ ਹਨ। ਆਏ ਦਿਨ ਵਿਦੇਸ਼ ਗਏ ਭਾਰਤੀ ਨਾਗਰਿਕਾਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 24 ਸਾਲਾ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ 3 ਦਸੰਬਰ ਦੀ ਰਾਤ ਨੂੰ ਵਾਪਰੀ ਸੀ ਤੇ ਪੁਲਿਸ ਵਲੋਂ ਹੁਣ ਸਨਰਾਜ ਸਿੰਘ ਦੀ ਪਛਾਣ ਜਾਰੀ ਕੀਤੀ ਗਈ ਹੈ।
ਐਡਮਿੰਟਨ ਪੁਲਿਸ ਨੂੰ 3 ਦਸੰਬਰ ਨੂੰ 51 ਸਟਰੀਟ ਤੇ 13 ਐਵੇਨਿਊ ਦੇ ਖੇਤਰ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪੁੱਜੀ ਪੁਲਿਸ ਨੂੰ ਉੱਥੇ ਜ਼ਖ਼ਮੀ ਹਾਲਤ ਵਿਚ ਇਕ ਨੌਜਵਾਨ ਮਿਲਿਆ , ਜਿਸ ਦੀ ਬਾਅਦ ਵਿਚ ਪਛਾਣ ਸਨਰਾਜ ਸਿੰਘ ਵਜੋਂ ਹੋਈ। ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਤਲੇਆਮ ਦੇ ਜਾਂਚਕਰਤਾਵਾਂ ਨੇ ਇਸ ਮਾਮਲੇ ਵਿੱਚ ਇੱਕ ਕਾਰ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜੋ ਕਤਲ ਦੇ ਸਮੇਂ ਉਸੇ ਖੇਤਰ ਵਿਚੋਂ ਲੰਘੀ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਜੋ ਵਾਹਨ ਅਤੇ ਇਸ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਕਰ ਸਕਦਾ ਹੈ ਜਾਂ ਗੋਲੀਬਾਰੀ ਬਾਰੇ ਜਾਣਕਾਰੀ ਰੱਖਦਾ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।