ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਂਦੀਆਂ ਗੱਡੀਆਂ ਉਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲੱਗੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਜਿੰਨੀਆਂ ਵੀ ਗੱਡੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਂਦੀਆਂ ਹਨ, ਜਿਨ੍ਹਾਂ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਕਿਹਾ ਜਾਂਦਾ ਹੈ, ਉਨ੍ਹਾਂ ਗੱਡੀਆਂ ਦਾ ਹਰ ਕਿਸਮ ਦਾ ਟੈਕਸ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਾਲਕੀ ਸਾਹਿਬ ਲਈ ਬਣੀਆਂ ਗੱਡੀਆਂ ਬੱਸਾਂ ਕਾਰਾਂ ਨੂੰ ਟੈਕਸ ਫਰੀ ਕਰਨਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਲਾਘਾਯੋਗ ਫੈਸਲੇ ਦਾ ਸਵਾਗਤ ਕਰਦੇ ਹਾਂ।
ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨੇ ਕੱਲ੍ਹ ਖੁਦ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ , ਪੰਜਾਬ ਵਿੱਚ ਜਿੰਨੀਆਂ ਵੀ ਗੱਡੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਂਦੀਆਂ ਹਨ ਜਿਨ੍ਹਾਂ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਕਿਹਾ ਜਾਂਦਾ ਹੈ ..ਪੰਜਾਬ ਸਰਕਾਰ ਵੱਲੋਂ ਓਹਨਾਂ ਵਹੀਕਲਾਂ ਦਾ ਹਰ ਕਿਸਮ ਦਾ ਟੈਕਸ ਮਾਫ਼ ਕਰਨ ਦਾ ਫੈਸਲਾ ਕੀਤਾ ਹੈ।