ਬਾਲੀਵੁੱਡ ਦੀ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੂੰ ਫਿਲਮ ਜਗਤ ਦੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਆਸ਼ਾ ਪਾਰੇਖ ਨੂੰ ਇਸ ਸਾਲ ਦਾਦਾ ਸਾਹਿਬ ਫਾਲਕੇ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ 30 ਸਤੰਬਰ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਹੈ। ਆਸ਼ਾ ਪਾਰੇਖ ਨੂੰ ਨੈਸ਼ਨਲ ਫਿਲਮ ਐਵਾਰਡ ਸਮਾਰੋਹ ‘ਚ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਆਸ਼ਾ ਪਾਰੇਖ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਸ਼ਾ ਪਾਰੇਖ ਨੇ 75 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਦੱਸ ਦਈਏ ਕਿ ਅਦਾਕਾਰਾ ਆਸ਼ਾ ਪਾਰੇਖ ਆਪਣੇ ਸਮੇਂ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਉਨ੍ਹਾਂ ਫਿਲਮਾਂ ਵਿੱਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ। ਉਨ੍ਹਾਂ ਨੇ ਕਟੀ ਪਤੰਗ, ਤੀਸਰੀ ਮੰਜ਼ਿਲ, ਆਯਾ ਸਾਵਨ ਝੂਮ ਕੇ, ਲਵ ਇਨ ਟੋਕੀਓ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ।

ਆਸ਼ਾ ਪਾਰੇਖ ਦਾ ਜਨਮ 2 ਅਕਤੂਬਰ 1942 ਨੂੰ ਹੋਇਆ ਸੀ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਬੇਬੀ ਆਸ਼ਾ ਪਾਰੇਖ ਦੇ ਨਾਂ ਨਾਲ ਕੀਤੀ ਸੀ। ਉਨ੍ਹਾਂ ਨੂੰ ਮਨੋਰੰਜਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 1992 ਵਿੱਚ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਹੈ। ਆਸ਼ਾ ਪਾਰੇਖ 1998 ਤੋਂ 2001 ਤੱਕ ਸੈਂਸਰ ਬੋਰਡ ਦੀ ਚੇਅਰਮੈਨ ਵੀ ਰਹੀ।