ਅਮਰੀਕਾ ‘ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਇਤਿਹਾਸ ਰਚ ਦਿੱਤਾ ਹੈ। ਅਰੁਣਾ ਮਿਲਰ ਮੈਰੀਲੈਂਡ ਦੀ ਲੈਫਟੀਨੈਂਟ ਰਾਜਪਾਲ ਬਣ ਗਈ ਹੈ। ਅਰੁਣਾ ਨੂੰ ਡੈਮੋਕ੍ਰੇਟਿਕ ਪਾਰਟੀ ਨੇ ਲੈਫਟੀਨੈਂਟ ਰਾਜਪਾਲ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਸੀ। ਉਹ ਆਪਣੇ ਵਿਰੋਧੀ ਨੂੰ ਹਰਾ ਕੇ ਰਾਜਪਾਲ ਹਾਊਸ ਤੱਕ ਪਹੁੰਚਣ ਵਾਲੀ ਪਹਿਲੀ ਪ੍ਰਵਾਸੀ ਮਹਿਲਾ ਬਣ ਗਈ। ਡੈਮੋਕਰੇਟਿਕ ਉਮੀਦਵਾਰ ਬਣਨ ਤੋਂ ਬਾਅਦ ਕੁਝ ਵਰਗਾਂ ਨੇ ਅਰੁਣਾ ਮਿਲਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ‘ਤੇ ਕਈ ਦੋਸ਼ ਵੀ ਲਾਏ ਗਏ ਸਨ। ਅਰੁਣਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਹੁਣ ਉਨ੍ਹਾਂ ਨੇ ਲੈਫਟੀਨੈਂਟ ਰਾਜਪਾਲ ਦੀ ਦੌੜ ਵੀ ਜਿੱਤ ਲਈ ਹੈ।
ਅਰੁਣਾ ਮਿਲਰ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਸਾਲ 2018 ‘ਚ ਸੰਸਦੀ ਚੋਣ ਵੀ ਲੜੀ ਸੀ ਪਰ ਉਨ੍ਹਾਂ ਨੂੰ ਪ੍ਰਾਇਮਰੀ ‘ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਇਸ ਸਾਲ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ। ਇਹ ਉਨ੍ਹਾਂ ਦੀਆਂ ਨੀਤੀਆਂ ਦਾ ਹੀ ਅਸਰ ਹੈ ਕਿ ਉਨ੍ਹਾਂ ਨੂੰ ਇਸ ਚੋਣ ਵਿੱਚ ਜਿੱਤ ਮਿਲੀ। ਵਿਰੋਧੀ ਧੜੇ ਵੱਲੋਂ ਵੀ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਗਈ ਸੀ, ਜਿਸ ਨੂੰ ਅਰੁਣਾ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਅਰੁਣਾ ਮਿਲਰ ਦਾ ਜਨਮ 6 ਨਵੰਬਰ 1964 ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਜਦੋਂ ਉਹ ਸਿਰਫ਼ 7 ਸਾਲਾਂ ਦੀ ਸੀ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਮਰੀਕਾ ਆਵਾਸ ਕਰ ਗਏ। ਉਹ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਨਿਊਯਾਰਕ ਵਿੱਚ ਰਹਿ ਰਹੀ ਸੀ। ਉਨ੍ਹਾਂ ਦੇ ਪਿਤਾ ਇੱਕ ਮਕੈਨੀਕਲ ਇੰਜੀਨੀਅਰ ਵਜੋਂ IBM ਵਿੱਚ ਕੰਮ ਕਰਦੇ ਸਨ।
ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਨਿਊਯਾਰਕ ਵਿੱਚ ਹੋਈ। ਅਰੁਣਾ ਮਿਲਰ ਨੇ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਕੈਲੀਫੋਰਨੀਆ ਵਿੱਚ ਇੱਕ ਟ੍ਰਾਂਸਪੋਰਟੇਸ਼ਨ ਇੰਜੀਨੀਅਰ ਵਜੋਂ ਕੰਮ ਕੀਤਾ ਹੈ। ਉਹ ਸਾਲ 1990 ਵਿੱਚ ਨਿਊਯਾਰਕ ਤੋਂ ਮੈਰੀਲੈਂਡ ਆਈ ਸੀ। ਅਰੁਣਾ ਮਿਲਰ ਸਾਲ 2000 ਵਿੱਚ ਅਮਰੀਕਾ ਦੀ ਨਾਗਰਿਕ ਬਣ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ। ਹੁਣ ਉਹ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ।