ਅੰਮ੍ਰਿਤਸਰ: ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਹੋਰ ਤਸਕਰ ਨੂੰ 3 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਇਸ ਮਾਮਲੇ ਵਿੱਚ ਬਰਾਮਦ ਕੀਤੀ ਗਈ ਹੈਰੋਇਨ ਦੀ ਕੁੱਲ ਮਾਤਰਾ 13 ਕਿਲੋਗ੍ਰਾਮ ਹੋ ਗਈ ਹੈ। ਇਸ ਮਾਮਲੇ ਵਿੱਚ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਤਸਕਰ ਲਵਪ੍ਰੀਤ ਸਿੰਘ ਵਾਸੀ ਮੇਨ ਬਾਜ਼ਾਰ, ਅਟਾਰੀ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫ਼ਤਾਰੀ 70 ਕਰੋੜ ਰੁਪਏ ਦੀ 10 ਕਿਲੋ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਹੈ। ਨਸ਼ਾ ਤਸਕਰ ਹਰਮਨਦੀਪ ਸਿੰਘ ਨੂੰ ਇੱਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰਮਨਦੀਪ ਪਾਕਿਸਤਾਨ ਸਥਿਤ ਇੱਕ ਤਸਕਰ ‘ਚਾਚਾ ਬਾਵਾ’ ਦੇ ਸੰਪਰਕ ਵਿੱਚ ਸੀ ਜੋ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰ ਹੈਰੋਇਨ ਭੇਜਦਾ ਸੀ।
3 ਕਿਲੋ ਹੈਰੋਇਨ ਬਰਾਮਦ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਰਮਨਦੀਪ ਨੇ ਮੰਨਿਆ ਕਿ ਉਸਨੇ ਪਾਕਿਸਤਾਨ ਤੋਂ ਆਈ ਹਾਲੀਆ ਖੇਪ ਵਿੱਚੋਂ ਆਪਣੇ ਸਾਥੀ ਲਵਪ੍ਰੀਤ ਸਿੰਘ ਨੂੰ 3 ਕਿਲੋ ਹੈਰੋਇਨ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਲਵਪ੍ਰੀਤ ਨੂੰ ਅੰਮ੍ਰਿਤਸਰ-ਅਟਾਰੀ ਜੀਟੀ ਰੋਡ ‘ਤੇ ਸਥਿਤ ਬੱਸ ਸਟਾਪ ਖਾਲਸਾ ਤੋਂ ਗ੍ਰਿਫ਼ਤਾਰ ਕਰਕੇ ਉਸ ਤੋਂ 3 ਕਿਲੋ ਹੈਰੋਇਨ ਬਰਾਮਦ ਕੀਤੀ।
ਪੁਲਿਸ ਵੱਲੋਂ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਡੀਜੀਪੀ ਨੇ ਕਿਹਾ ਕਿ ਬਰਾਮਦ ਕੀਤੀ ਗਈ ਹੈਰੋਇਨ ਇੱਕ ਵੱਡੇ ਤਸਕਰੀ ਰੈਕੇਟ ਦਾ ਹਿੱਸਾ ਸੀ ਅਤੇ ਪੁਲਿਸ ਹੋਰ ਤਸਕਰਾਂ ਦੀ ਪਛਾਣ ਕਰਨ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।