ਦਿੱਲੀ ਏਮਜ਼ ਹਸਪਤਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦਿੱਲੀ ਏਮਜ਼ ਦਾ ਸਰਵਰ ਹੈਕ ਹੋਏ ਨੂੰ 1 ਹਫਤਾ ਬੀਤ ਚੁੱਕਾ ਹੈ ਪਰ ਮਾਹਰ ਅਜੇ ਤੱਕ ਇਸ ਨੂੰ ਰਿਕਵਰ ਨਹੀਂ ਕਰ ਸਕੇ। ਇਸ ਦੌਰਾਨ ਹੈਕਰਾਂ ਨੇ 200 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਭੁਗਤਾਨ ਕ੍ਰਿਪਟੋਕਰੰਸੀ ਵਿੱਚ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਾਨੂੰ ਏਮਜ਼ ਦੇ ਅਧਿਕਾਰੀਆਂ ਤੋਂ ਫਿਰੌਤੀ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਸਰਵਰ ਹੈਕਿੰਗ ‘ਚ ਤਿੰਨ ਤੋਂ ਚਾਰ ਕਰੋੜ ਮਰੀਜ਼ਾਂ ਦਾ ਡਾਟਾ ਲੀਕ ਹੋਣ ਦੀ ਸੰਭਾਵਨਾ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 25 ਨਵੰਬਰ ਨੂੰ ਸਾਈਬਰ ਅੱਤਵਾਦ ਦਾ ਮਾਮਲਾ ਦਰਜ ਕੀਤਾ ਸੀ। ਜਾਂਚ ਏਜੰਸੀਆਂ ਦੀ ਸਿਫਾਰਿਸ਼ ‘ਤੇ ਹਸਪਤਾਲ ‘ਚ ਕੰਪਿਊਟਰਾਂ ਦੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਏਮਜ਼ ਸਰਵਰ ਵਿੱਚ ਸਾਬਕਾ ਪ੍ਰਧਾਨ ਮੰਤਰੀਆਂ, ਮੰਤਰੀਆਂ, ਸੀਨੀਅਰ ਅਧਿਕਾਰੀਆਂ, ਜੱਜਾਂ ਸਮੇਤ ਕਈ ਵੀਆਈਪੀਜ਼ ਦਾ ਡਾਟਾ ਸਟੋਰ ਹੈ।