AIG ਆਸ਼ੀਸ਼ ਕਪੂਰ ਦੀ ਜਾਇਦਾਦ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ 1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ‘ਚ ਫੜੇ AIG ਆਸ਼ੀਸ਼ ਕਪੂਰ ਦੀਆਂ 15 ਕਰੋੜ ਰੁਪਏ ਮੁੱਲ ਦੀਆਂ 8 ਜਾਇਦਾਦਾਂ ਦਾ ਖੁਲਾਸਾ ਹੋਇਆ ਹੈ। ਇਸ ਮਗਰੋਂ ਮਾਮਲਾ ਇਨਕਮ ਟੈਕਸ ਅਤੇ ਈ ਡੀ ਕੋਲ ਪਹੁੰਚ ਗਿਆ ਹੈ।
ਆਸ਼ੀਸ਼ ਕਪੂਰ ਦੀਆਂ ਜ਼ੀਰਕਪੁਰ, ਪਟਿਆਲਾ ਤੇ ਲਹਿਰਾਗਾਗਾ ਵਿਚ 8 ਜਾਇਦਾਦਾਂ ਦਾ ਖੁਲਾਸਾ ਹੋਇਆ ਹੈ ਜਿਹਨਾਂ ਦਾ ਮੁੱਲ 15 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਕਪੂਰ ਦੇ ਬੈਂਕ ਲਾਕਰਾਂ ਦੀ ਜਾਂਚ ਕਰਨ ’ਤੇ ਉਸ ਵਿਚੋਂ ਸਵਾ ਕਿਲੋ ਸੋਨਾ ਤੇ ਹੀਰੇ ਦੇ ਗਹਿਣੇ ਮਿਲੇ ਹਨ।
ਆਸ਼ੀਸ਼ ਕਪੂਰ ਦੀ ਸੈਕਟਰ 88 ਸਥਿਤ ਕੋਠੀ ਦੀ ਪੈਮਾਇਸ਼ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰੀ ਤੋਂ ਪਹਿਲਾਂ ਕੀਤੀ ਜਾ ਚੁੱਕੀ ਹੈ। ਮਾਰਕੀਟ ਕੀਮਤ ਅਨੁਸਾਰ 1 ਕਨਾਲ ਦੀ ਇਸ ਕੋਠੀ ਦੀ ਕੀਮਤ 6 ਤੋਂ 7 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਇਸਦੀ ਰਜਿਸਟਰੀ ਆਸ਼ੀਸ਼ ਕਪੂਰ ਨੇ ਸਿਰਫ 88 ਲੱਖ ਰੁਪਏ ਵਿਚ ਕਰਵਾਈ ਹੈ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਵੱਡੀ ਜਾਇਦਾਦ ਦੇ ਖੁਲਾਸੇ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਨਕਮ ਟੈਕਸ ਤੇ ਈ ਡੀ ਨੂੰ ਮਾਮਲੇ ਦੀ ਜਾਂਚ ਵਾਸਤੇ ਚਿੱਠੀ ਲਿਖੀ ਹੈ।