ਗੁਰਦਾਸਪੁਰ ‘ਚ ਵਾਪਰੀ ਦੁਖਦਾਈ ਘਟਨਾ, ਆਪਣੇ ਹੀ ਟਰੈਕਟਰ ਹੇਠਾਂ ਆ ਗਿਆ ਕਿਸਾਨ…
ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕੋਟਲੀ ਥਾਬਲਾਂ ‘ਚ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ | ਜਿੱਥੇ ਕਿ ਕਿਸਾਨ ਆਪਣੀ ਝੋਨੇ ਦੀ ਫ਼ਸਲ ਖੇਤਾਂ ਵਿੱਚੋਂ ਲੈ ਕੇ ਆ ਰਿਹਾ ਸੀ ਕਿ ਇਸ ਦੌਰਾਨ ਉਸ ਦਾ ਟਰੈਕਟਰ ਪਲਟ ਗਿਆ ਅਤੇ ਕਿਸਾਨ ਉਸ ਦੀ ਲਪੇਟ ਵਿੱਚ ਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਹ ਖੇਤਾਂ ਤੋਂ ਘਰ ਵੱਲ ਆ ਰਿਹਾ ਸੀ ਤਾਂ ਅਚਾਨਕ ਮੋੜ ਲੈਂਦੇ ਸਮੇਂ ਉਸ ਦਾ ਟਰੈਕਟਰ ਪਲਟ ਗਿਆ ਅਤੇ ਉਹ ਟਰੈਕਟਰ ਹੇਠਾਂ ਦੱਬ ਗਿਆ।
ਮੌਕੇ ‘ਤੇ ਹੀ ਮੌਤ
ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਉਸਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ | ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਵਜੋਂ ਹੋਈ ਹੈ | ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਮ੍ਰਿਤਕ ਦਾ ਪਰਿਵਾਰ ਬੇਹੱਦ ਦੁਖੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮੇ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਿਹਨਤੀ ਸੀ ਅਤੇ ਪਰਿਵਾਰ ਲਈ ਹਮੇਸ਼ਾ ਤਤਪਰ ਰਹਿੰਦਾ ਸੀ। ਹੁਣ ਇਸ ਦਰਦਨਾਕ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ‘ਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਟਰੰਪ ਨੂੰ ਖ਼ਾਸ ਅੰਦਾਜ਼ ਨਾਲ ਦਿੱਤੀ ਵਧਾਈ
ਲੋਕਾਂ ਨੇ ਮਦਦ ਲਈ ਆਵਾਜ਼ ਉਠਾਈ
ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਮਦਦ ਲਈ ਆਵਾਜ਼ ਉਠਾਈ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਵੀ ਇਸ ਪਰਿਵਾਰ ਨੂੰ ਸਹਾਇਤਾ ਦੇਣ ਲਈ ਸੰਪਰਕ ਕਰ ਰਹੀਆਂ ਹਨ। ਪਿੰਡ ਵਾਸੀਆਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਮ੍ਰਿਤਕਾਂ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਵੇ, ਤਾਂ ਜੋ ਇਸ ਔਖੀ ਘੜੀ ਵਿੱਚ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਆ ਸਕੇ।