ਲੁਧਿਆਣਾ ਤੋਂ ਹੈਰਾਨੀਜਨਕ ਮਾਮਲਾ, ਸਸਕਾਰ ਤੋਂ ਪਹਿਲਾਂ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੀ ਬਜ਼ੁਰਗ ਹੋਈ ਜ਼ਿੰਦਾ
ਲੁਧਿਆਣਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 4 ਦਿਨ ਪਹਿਲਾਂ ਮ੍ਰਿਤਕ ਐਲਾਨੀ ਬਜ਼ੁਰਗ ਮਹਿਲਾ ਜ਼ਿੰਦਾ ਹੋ ਗਈ ਹੈ। ਦਰਅਸਲ , ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਦੇ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ ਦੀ ਮਾਤਾ ਅੰਮ੍ਰਿਤ ਕੌਰ ਨੂੰ 10 ਦਿਨ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਮੰਗਲਵਾਰ ਸ਼ਾਮ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ
ਜਿਸ ਤੋਂ ਬਾਅਦ ਡਾਕਟਰਾਂ ਨੇ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਪੁੱਤਰ ਦੇ ਵਿਦੇਸ਼ ਵਿੱਚ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਹੀ ਰੱਖਣ ਲਈ ਕਿਹਾ। ਇਸ ਦੌਰਾਨ ਪਰਿਵਾਰ ਵੱਲੋਂ ਮਾਤਾ ਜੀ ਦੇ ਸਸਕਾਰ ਦਾ ਸਮਾਂ ਬੁੱਧਵਾਰ ਰੱਖ ਲਿਆ ਗਿਆ ਅਤੇ ਇਸ ਸਬੰਧੀ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਵੀ ਸੂਚਨਾ ਪਾ ਦਿੱਤੀ ਗਈ। ਅਗਲੇ ਦਿਨ ਲਾਇਲਪੁਰੀ ਦੇ ਪਰਤਣ ’ਤੇ ਮਾਤਾ ਜੀ ਨੂੰ ਘਰ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਸਸਕਾਰ ਦੀ ਤਿਆਰੀ ਦੌਰਾਨ ਉਨ੍ਹਾਂ ਦੇ ਸਾਹ ਚੱਲਦੇ ਨਜ਼ਰ ਆਏ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ 75 ਸਾਲ ਪੂਰੇ ਹੋਣ ‘ਤੇ PM ਮੋਦੀ ਨੇ ਜਾਰੀ ਕੀਤੀ ਡਾਕ ਟਿਕਟ ਅਤੇ ਸਿੱਕਾ
ਬੇਹੋਸ਼ੀ ਦੀ ਹਾਲਤ ਵਿੱਚ ਹਨ ਪਰ ਉਨ੍ਹਾਂ ਦੇ ਸਾਹ ਚੱਲ ਰਹੇ
ਉਨ੍ਹਾਂ ਤੁਰੰਤ ਆਪਣੇ ਪਰਿਵਾਰਕ ਡਾਕਟਰ ਨੂੰ ਬੁਲਾਇਆ ਜਿਸ ਨੇ ਚੈੱਕ ਕਰਨ ਉਪਰੰਤ ਦੱਸਿਆ ਕਿ ਮਾਤਾ ਜੀ ਹਾਲੇ ਜ਼ਿੰਦਾ ਹਨ। ਇਸ ਨੂੰ ਦੇਖਦਿਆਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੰਜ ਵਜੇ ਲਈ ਰੱਖਿਆ ਸਸਕਾਰ ਰੱਦ ਕਰਨ ਸਬੰਧੀ ਲੋਕਾਂ ਨੂੰ ਸੁਨੇਹੇ ਲਾਏ ਗਏ। ਸ੍ਰੀ ਲਾਇਲਪੁਰੀ ਨੇ ਦੱਸਿਆ ਕਿ ਮਾਤਾ ਜੀ ਨੂੰ ਮੈਡੀਸਿਟੀ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਹਨ ਪਰ ਉਨ੍ਹਾਂ ਦੇ ਸਾਹ ਚੱਲ ਰਹੇ ਹਨ।