ED ਦਾ ਪੰਜਾਬ ‘ਚ ਵੱਡਾ ਐਕਸ਼ਨ…ਕੇਜਰੀਵਾਲ ਤੋਂ ਬਾਅਦ ਪੰਜਾਬ ‘ਚ ਕਾਰਵਾਈ ਸ਼ੁਰੂ !!
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿੱਚ ਵੱਡਾ ਐਕਸ਼ਨ ਲਿਆ ਹੈ | ਈਡੀ ਵੱਲੋਂ ਅਮਰੂਦ ਬਾਗ ਘਪਲੇ ‘ਚ ਪਿੰਡ ਬਾਕਰਪੁਰ ਵਿਚ ਛਾਪੇਮਾਰੀ ਕੀਤੀ ਗਈ ਹੈ | ਇਹ ਰੇਡ ਦੌਰਾਨ ਕਈ ਆਈਏਐਸ ਅਫਸਰ, ਪ੍ਰਾਪਰਟੀ ਡੀਲਰ ਸਣੇ ਕਿਸਾਨਾਂ ਦੇ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਹੁਣ ਤੱਕ ਪੰਜਾਬ ਵਿਜੀਲੈਂਸ ਇਸ ਅਮਰੂਦ ਦੇ ਬਾਗ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਸੀ |
ਹੁਣ ਇਹ ਛਾਪੇਮਾਰੀ ਇਸ ਘੁਟਾਲੇ ਨਾਲ ਜੁੜੇ ਲੋਕਾਂ ਦੇ ਘਰਾਂ ‘ਚ ਹੀ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਇਹ ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ ਏਅਰਪੋਰਟ ਰੋਡ ’ਤੇ ਇਕ ਐਰੋਟ੍ਰੋਪੋਲਿਸ ਨਾਮਕ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਹੈ। ਇਸ ਪ੍ਰਾਜੈਕਟ ਹੇਠ ਆਉਂਦੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਦੀ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਜਾਣਾ ਸੀ।
ਕੀ ਹੈ ਪੂਰਾ ਮਾਮਲਾ ?
ਸਾਲ 2018 ‘ਚ ਜ਼ਮੀਨ ਐਕੁਆਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਉਮਰ 4 ਤੋਂ 5 ਸਾਲ ਦੱਸੀ ਗਈ | ਇਸ ਕਾਰਨ ਉਨ੍ਹਾਂ ਦਾ ਮੁਆਵਜ਼ਾ ਕਾਫੀ ਵਧ ਗਿਆ। ਇਸ ਤਰ੍ਹਾਂ ਕਈ ਲੋਕਾਂ ਨੇ ਗਲਤ ਤਰੀਕੇ ਨਾਲ 137 ਕਰੋੜ ਦਾ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਵਿਜੀਲੈਂਸ ਨੇ 18 ਲੋਕਾਂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ |









