ਅਸਾਮ ‘ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 10 ਹਜ਼ਾਰ ਲੋਕ ਪ੍ਰਭਾਵਿਤ

0
75

ਅਸਾਮ ‘ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 10 ਹਜ਼ਾਰ ਲੋਕ ਹੋਏ ਪ੍ਰਭਾਵਿਤ

ਮੌਨਸੂਨ ਉੱਤਰ-ਪੂਰਬੀ ਰਾਜਾਂ ਵਿੱਚ ਪਹੁੰਚ ਗਿਆ ਹੈ। ਅਸਾਮ, ਮੇਘਾਲਿਆ, ਮਿਜ਼ੋਰਮ, ਸਿੱਕਮ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅਸਾਮ ਵਿੱਚ, ਪਿਛਲੇ 24 ਘੰਟਿਆਂ ਵਿੱਚ ਕਾਮਰੂਪ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਹੜ੍ਹ ਨਾਲ 10 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।
ਇਸਤੋਂ ਇਲਾਵਾ ਮਿਜ਼ੋਰਮ ਦੇ ਲਾਂਗਟਲਾਈ ਸ਼ਹਿਰ ਵਿੱਚ ਜ਼ਮੀਨ ਖਿਸਕਣ ਕਾਰਨ ਪੰਜ ਘਰ ਅਤੇ ਇੱਕ ਹੋਟਲ ਢਹਿ ਜਾਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਦੂਜੇ ਪਾਸੇ, ਸਿੱਕਮ ਵਿੱਚ ਭਾਰੀ ਮੀਂਹ ਕਾਰਨ ਥੇਂਗ ਅਤੇ ਚੁੰਗਥਾਂਗ ਖੇਤਰਾਂ ਵਿੱਚ ਜ਼ਮੀਨ ਖਿਸਕ ਗਈ। ਕਈ ਘਰ ਮਲਬੇ ਹੇਠ ਦੱਬ ਗਏ।

ਦੱਸ ਦਈਏ ਕਿ ਮੇਘਾਲਿਆ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਵਿੱਚ ਜ਼ਮੀਨ ਖਿਸਕ ਗਈ। ਇੱਕ ਔਰਤ ਦੀ ਮੌਤ ਹੋ ਗਈ। ਇੱਕ ਵਿਅਕਤੀ ਪਾਣੀ ਵਿੱਚ ਡੁੱਬ ਗਿਆ।

ਜੰਮੂ-ਕਸ਼ਮੀਰ ਵਿੱਚ ਸ਼ਨੀਵਾਰ ਨੂੰ ਬਰਫ਼ਬਾਰੀ ਹੋਈ। ਇਸ ਕਾਰਨ ਗੁਰੇਜ਼-ਬੰਦੀਪੁਰਾ ਰੋਡ ਅਤੇ ਮੁਗਲ ਰੋਡ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਹੈ। ਇਸ ਦੇ ਮੱਦੇਨਜ਼ਰ, ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਈ ਵਿੱਚ ਮਾਨਸੂਨ ਦੇ ਆਉਣ ਨਾਲ ਮੀਂਹ ਦਾ ਇੱਕ ਨਵਾਂ ਰਿਕਾਰਡ ਬਣ ਗਿਆ ਹੈ। 30 ਮਈ ਤੱਕ, ਦੇਸ਼ ਵਿੱਚ 116.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੋ ਕਿ ਮਈ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਧ ਬਾਰਿਸ਼ ਹੈ। ਪਿਛਲਾ ਰਿਕਾਰਡ 1990 ਦਾ ਸੀ, ਜਦੋਂ 110.7 ਮਿਲੀਮੀਟਰ ਮੀਂਹ ਪਿਆ ਸੀ। ਆਮ ਤੌਰ ‘ਤੇ ਮਈ ਵਿੱਚ ਔਸਤਨ 61.4 ਮਿਲੀਮੀਟਰ ਮੀਂਹ ਪੈਂਦਾ ਹੈ।

LEAVE A REPLY

Please enter your comment!
Please enter your name here