ਬ੍ਰਾਜੀਲ,27 ਫਰਵਰੀ 2026 : ਬ੍ਰਾਜੀਲ (Brazil) ਦੇ ਦੱਖਣ-ਪੂਰਬੀ ਮਿਨਾਸ ਗੇਰੇਸ ਸੂਬੇ ਵਿਚ ਭਾਰੀ ਮੀਂਹ (Heavy rain) ਦੇ ਚਲਦਿਆਂ 46 ਲੋਕਾਂ ਦੀ ਮੌਤ ਤੇ 21 ਦੇ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ ।
ਕੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ
ਬ੍ਰਾਜ਼ੀਲ ਦੇ ਦੱਖਣ-ਪੂਰਬੀ ਮਿਨਾਸ ਗੇਰੇਸ ਰਾਜ ਵਿਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ, ਜਦੋਂ ਕਿ 21 ਲੋਕ ਅਜੇ ਵੀ ਲਾਪਤਾ ਹਨ । ਬੁੱਧਵਾਰ ਨੂੰ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਜੁਈਜ਼ ਡੇ ਫੋਰਾ ਵਿਚ 40 ਮੌਤਾਂ ਹੋਈਆਂ, ਜਦੋਂ ਕਿ ਨੇੜਲੀ ਨਗਰ ਪਾਲਿਕਾ ਉਬਾ ਵਿਚ ਛੇ ਮੌਤਾਂ ਹੋਈਆਂ । ਅਧਿਕਾਰੀਆਂ ਨੇ ਜੁਈਜ਼ ਡੇ ਫੋਰਾ ਵਿਚ 19 ਅਤੇ ਉਬਾ ਵਿਚ ਦੋ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿਤੀ । ਜੁਈਜ਼ ਡੇ ਫੋਰਾ ਵਿਚ ਲਗਭਗ 3 ਹਜ਼ਾਰ ਅਤੇ ਉਬਾ ਵਿਚ 26 ਲੋਕ ਬੇਘਰ (People homeless) ਹੋ ਗਏ ਹਨ, ਜਦੋਂ ਕਿ ਜ਼ਮੀਨ ਖਿਸਕਣ ਅਤੇ ਹੜ੍ਹ ਦੇ ਖ਼ਤਰੇ ਕਾਰਨ ਕ੍ਰਮਵਾਰ 400 ਅਤੇ 178 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ।
ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਦੇ ਚਲਦਿਆਂ ਕੀਤਾ ਜਨਤਕ ਆਫ਼ਤ ਸਥਿਤੀ ਦਾ ਐਲਾਨ
ਜੁਈਜ਼ ਡੇ ਫੋਰਾ ਅਤੇ ਮੈਟਿਆਸ ਬਾਰਬੋਸਾ ਦੋਵਾਂ ਨਗਰ ਪਾਲਿਕਾਵਾਂ ਨੇ ਐਮਰਜੈਂਸੀ ਸੇਵਾਵਾਂ (Emergency services) ਨੂੰ ਤੇਜ਼ ਕਰਨ ਲਈ ਜਨਤਕ ਆਫ਼ਤ ਦੀ ਸਥਿਤੀ ਦਾ ਐਲਾਨ ਕੀਤਾ ਹੈ । ਨਗਰਪਾਲਿਕਾ ਸਕੂਲਾਂ ਵਿਚ ਕਲਾਸਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ । ਸੋਮਵਾਰ ਦੁਪਹਿਰ ਨੂੰ ਤੇਜ਼ ਬਾਰਿਸ਼ ਕਾਰਨ ਨਦੀਆਂ ਭਰ ਗਈਆਂ, ਪੁਲ ਅਤੇ ਅੰਡਰਪਾਸ ਬੰਦ ਹੋ ਗਏ, ਨਾਲ ਹੀ ਦਰੱਖਤ ਡਿੱਗ ਗਏ ਅਤੇ ਸੜਕਾਂ ਬੰਦ ਹੋ ਗਈਆਂ ।
ਰਾਸ਼ਟਰਪਤੀ ਤੇ ਗਵਰਨਰ ਨੇ ਕੀ ਕੀ ਐਲਾਨ ਕੀਤਾ
ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਪੀੜਤਾਂ ਅਤੇ ਬਚਾਅ ਟੀਮਾਂ ਨਾਲ ਏਕਤਾ ਪ੍ਰਗਟ ਕੀਤੀ, ਜਦੋਂ ਕਿ ਮਿਨਾਸ ਗੇਰੇਸ ਦੇ ਗਵਰਨਰ ਰੋਮੂ ਜ਼ੇਮਾ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ । ਰੱਖਿਆ ਮੰਤਰਾਲਾ ਸਫਾਈ, ਮਲਬਾ ਹਟਾਉਣ, ਲੌਜਿਸਟਿਕਲ ਸਹਾਇਤਾ, ਅਸਥਾਈ ਆਸਰਾ ਅਤੇ ਹੈਲੀਕਾਪਟਰ ਸਹਾਇਤਾ ਲਈ ਫੌਜਾਂ ਤਾਇਨਾਤ ਕਰਕੇ ਐਮਰਜੈਂਸੀ ਯਤਨਾਂ ਵਿਚ ਸਹਾਇਤਾ ਕਰ ਰਿਹਾ ਹੈ ।
Read More : ਅਗਲੇ 5 ਦਿਨਾਂ ‘ਚ ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ, IMD ਦੀ ਚਿਤਾਵਨੀ









