ਸਾਹਿਤ ਲਈ ਕੀਤੀ ਨਿਵੇਕਲੀ ਪਹਿਲ, ਵਿਆਹ ਮੌਕੇ ਮਹਿਮਾਨਾਂ ਲਈ ਲਾਇਆ ਕਿਤਾਬਾਂ ਦਾ ਸਟਾਲ

0
64

ਪੰਜਾਬੀਅਤ ਦੇ ਪਹਿਰੇਦਾਰ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿੰਡ ਕਿਲ੍ਹਾ ਰਾਏਪੁਰ ਦੀ ਪੱਤੀ ਸੇਮਾ ਦੇ ਵਸਨੀਕ ਸੰਤੋਖ ਸਿੰਘ ਗਰੇਵਾਲ ਨੇ ਆਪਣੇ ਪੁੱਤਰ ਵਿਨੀਪਾਲ ਸਿੰਘ ਗਰੇਵਾਲ ਦੇ ਵਿਆਹ ’ਚ ਕਿਤਾਬਾਂ ਦਾ ਸਟਾਲ ਲਾਇਆ ਗਿਆ। ਵਿਆਹ ਦੇਖਣ ਆਏ ਮਹਿਮਾਨਾਂ ਨੇ ਸਟਾਲ ਤੋਂ ਕਿਤਾਬਾਂ ਲਈਆਂ। ਕਰੀਬ ਢਾਈ ਤੋਂ ਤਿੰਨ ਹਜ਼ਾਰ ਪੁਸਤਕਾਂ ਦਾ ਸਟਾਲ ਲਾਇਆ ਗਿਆ ਅਤੇ ਡੇਢ ਤੋਂ ਦੋ ਲੱਖ ਦੀਆਂ ਪੁਸਤਕਾਂ ਆਏ ਮਹਿਮਾਨਾਂ ਨੂੰ ਭੇਟ ਕੀਤੀਆਂ ਗਈਆਂ।

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਰਜਤ ਪੈਲੇਸ ਮੁੱਲਾਂਪੁਰ ਵਿਖੇ ਹੋਏ ਇਸ ਵਿਆਹ ਦੀ ਐਂਟਰੀ ’ਤੇ ਹੀ ਲੱਗਾ ਇਹ ਸਟਾਲ ਪੂਰੀ ਤਰ੍ਹਾਂ ਪੰਜਾਬੀਅਤ ਦੇ ਰੰਗ ਵਿਚ ਰੰਗਿਆ ਹੋਇਆ ਸੀ। ਪੰਜਾਬ ਦੇ ਇਤਿਹਾਸ, ਸਿੱਖ ਇਤਿਹਾਸ, ਪੰਜਾਬ ਦੇ ਸ਼ਹੀਦਾਂ, ਗੁਰਬਾਣੀ, ਨਾਵਲ, ਕਹਾਣੀਆਂ, ਕਵਿਤਾਵਾਂ ਨਾਲ ਸਬੰਧਤ ਅਨੇਕਾਂ ਕਿਤਾਬਾਂ ਪਈਆਂ ਸਨ। ਪੈਲੇਸ ’ਚ ਨੱਚਦੇ ਗਾਉਂਦੇ ਬਾਰਾਤੀਆਂ ਨੇ ਜਦੋਂ ਐਂਟਰ ਕੀਤੀ ਤਾਂ ਅੱਗੇ ਕਿਤਾਬਾਂ ਦੇ ਸਟਾਲ ਨੇ ਬਰਾਤ ਦਾ ਦਿਲ ਜਿੱਤ ਲਿਆ। ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸਟਾਲ ’ਤੇ ਤਾਂਤਾ ਲੱਗ ਗਿਆ। ਲਾੜੇ ਵਿਨੀਪਾਲ ਸਿੰਘ ਆਪਣੀ ਲਾੜੀ ਸੁਖਦੀਪ ਕੌਰ ਸਿੱਧੂ ਨਾਲ ਸਟਾਲ ਤੋਂ ਮਨਪਸੰੰਦ ਕਿਤਾਬਾਂ ਹਾਸਲ ਕੀਤੀਆਂ।

ਕਿਤਾਬਾਂ ਦਾ ਸਟਾਲ ਲਾਉਣ ਦਾ ਸੁਝਾਅ ਰੱਖਣ ਵਾਲੇ ਲਾੜੇ ਦੇ ਚਾਚੇ ਗੁਰਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਸਨ ਕਿ ਵਿਆਹ ’ਚ ਕੁਝ ਵੱਖਰਾ ਕੀਤਾ ਜਾਵੇ। ਉਹ ਵੀ ਕਿਤਾਬਾਂ ਦੇ ਉਪਾਸ਼ਕ ਹਨ ਅਤੇ ਪਰਿਵਾਰ ਦੇ ਸਾਰੇ ਜੀਅ ਪੁਸਤਕਾਂ ਪੜ੍ਹਨ ਦੇ ਸ਼ੁਕੀਨ ਹਨ। ਇਸੇ ਲਈ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ। ਲਾੜੇ ਵਿਨੀਪਾਲ ਸਿੰਘ ਦੇ ਭਰਾ ਜੋਧਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੂਰਾ ਪਰਿਵਾਰ ਹੀ ਕਿਤਾਬਾਂ ਨਾਲ ਪਿਆਰ ਕਰਦਾ ਹੈ। ਪਰਿਵਾਰ ਦੀ ਸੋਚ ਸੀ ਕਿ ਵਿਆਹ ’ਚ ਕਿਤਾਬਾਂ ਦਾ ਸਟਾਲ ਲਾਇਆ ਜਾਵੇ।

ਵਿਆਹ ’ਚ ਜਿਥੇ ਸੁਆਦਲੇ ਪਕਵਾਨਾਂ ਦੇ ਸਟਾਲਾਂ ਦੀ ਗਿਣਤੀ ਔਖੀ ਸੀ, ਉੱਥੇ ਕਿਤਾਬਾਂ ਦਾ ਸਟਾਲ ਬਰਾਤੀਆਂ ਲਈ ਨਿਵੇਕਲਾ ਸੀ। ਉਨ੍ਹਾਂ ਰੱਜ ਕੇ ਇਸ ਵਿਆਹ ’ਚ ਕਿਤਾਬਾਂ ਨਾਲ ਝੋਲੀਆਂ ਭਰੀਆਂ। ਸਟਾਲ ’ਤੇ ਹਰ ਉਮਰ ਦੇ ਵਿਅਕਤੀ ਲਈ ਕਿਤਾਬਾਂ ਮੌਜੂਦ ਸਨ। ਸਟਾਲ ’ਤੇ ਕਈ ਪ੍ਰਸਿੱਧ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਪਈਆਂ ਹੋਈਆਂ ਸਨ।

ਕਿਤਾਬਾਂ ਦੇ ਸਟਾਲ ਦਾ ਪ੍ਰਬੰਧ ਕਰਨ ਵਾਲੇ ਸ਼ਾਹ ਕਿਤਾਬ ਘਰ ਪਟਿਆਲਾ ਦੇ ਸ਼ਾਹ ਮੁਹੰਮਦ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਲੋਕਾਂ ਵਿਚ ਵੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬਾਕੀ ਵੀ ਪਹਿਲ ਕਰਨ, ਵਿਆਹ, ਪਾਠ, ਭੋਗ, ਪਾਰਟੀ, ਖ਼ੁਸ਼ੀ, ਗਮੀ ਦੇ ਸਮਾਗਮ ਵਿਚ ਕਿਤਾਬਾਂ ਦਾ ਸਟਾਲ ਜ਼ਰੂਰ ਲਾਉਣ ਤਾਂ ਕਿ ਕਿਤਾਬਾਂ ਨਾਲ ਜੁੜ ਕੇ ਕੁਝ ਚੰਗਾ ਬਣਿਆ ਅਤੇ ਕੀਤਾ ਜਾ ਸਕੇ।

LEAVE A REPLY

Please enter your comment!
Please enter your name here