ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਿਸ ਮਹਾਂ ਡਿਬੇਟ ਮੈਂ ਪੰਜਾਬ ਬੋਲਦਾਂ ਦੀ ਪੰਜਾਬ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਉਹ ਅੱਜ ਯਾਨੀ ਕਿ ਇੱਕ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿੱਤ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਲੁਧਿਆਣਾ ‘ਚ ਹੋਣ ਵਾਲੀ ਮਹਾਡਿਬੇਟ ਵਿੱਚ ਸ਼ਾਮਲ ਹੋਣ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਬੇਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਿਬੇਟ ਵਿਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਦਿੱਤਾ ਹੈ। ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਵਿਚ ਸ਼ਾਮਲ ਹੋਣਗੇ।
ਸੁਨੀਲ ਜਾਖੜ ਨੇ ਟਵੀਟ ਕਰ ਕੇ ਚੱਪੇ-ਚੱਪੇ ‘ਤੇ ਪੁਲਿਸ ਬਲ ਤਾਇਨਾਤ ਕਰਨ ‘ਤੇ ਖੜ੍ਹੇ ਕੀਤੇ ਸਵਾਲ
ਪੀਏਯੂ ਵਿਖੇ ਕਰਵਾਈ ਜਾ ਰਹੀ ਮਹਾਂ ਡਿਬੇਟ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨਹੀਂ ਹੋਣਗੇ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਦਿੱਤੀ ਗਈ ਹੈ। ਪੀਏਯੂ ਵਿਖੇ ਗੱਲਬਾਤ ਕਰਦੇ ਹੋਏ ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਬੀਤੀ ਰਾਤ ਹੀ ਫੈਸਲਾ ਕਰ ਲਿਆ ਗਿਆ ਸੀ।
ਜਿਕਰਯੋਗ ਹੈ ਕਿ ਜਾਖੜ ਪਿਛਲੇ ਕਈ ਦਿਨ੍ਹਾਂ ਤੋਂ ਇਸ ਮਹਾਂ ਬਹਿਸ ਤੇ ਸਵਾਲ ਉਠਾ ਰਹੇ ਸਨ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਵੱਲੋਂ ਇਲਜਾਮ ਲਾਏ ਜਾ ਰਹੇ ਹਨ ਕਿ ਐੱਸਵਾਈਐੱਲ ਮੁੱਦੇ ਤੇ ਸਰਕਾਰ ਸੰਜੀਦਾ ਨਹੀਂ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਹੁੰਚਣ ਦੀ ਸੰਭਾਵਨਾ ਹੈ।