ਮੱਧ ਪ੍ਰਦੇਸ਼ ਵਿੱਚ 11 ਨਗਰ ਨਿਗਮਾਂ ਵਿੱਚੋਂ 6 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। 1-1 ਸੀਟ ਕਾਂਗਰਸ ਅਤੇ ਆਮ ਆਦਮੀ ਦੇ ਖਾਤੇ ਵਿਚ ਗਈ, ਜਦਕਿ ਭਾਜਪਾ ਨੇ 4 ਸੀਟਾਂ ਜਿੱਤੀਆਂ। ਬਾਕੀ 3 ਸੀਟਾਂ ‘ਤੇ ਭਾਜਪਾ ਅਤੇ 2 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਭੋਪਾਲ ਅਤੇ ਇੰਦੌਰ ਵਿੱਚ ਭਾਜਪਾ ਉਮੀਦਵਾਰ ਨਿਰਣਾਇਕ ਲੀਡ ਨਾਲ ਅੱਗੇ ਚੱਲ ਰਹੇ ਹਨ।
ਪਹਿਲਾ ਨਤੀਜਾ ਬੁਰਹਾਨਪੁਰ ਦਾ ਆਇਆ । ਭਾਜਪਾ ਉਮੀਦਵਾਰ ਮਾਧੁਰੀ ਪਟੇਲ 542 ਵੋਟਾਂ ਨਾਲ ਜੇਤੂ ਰਹੀ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਸ਼ਹਿਨਾਜ਼ ਅੰਸਾਰੀ ਨੂੰ ਹਰਾਇਆ। ਇੱਥੇ ਨੋਟਾ ਨੂੰ 677 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਹਾਰ ਦਾ ਦੂਜਾ ਕਾਰਕ ਓਵੈਸੀ ਦੀ ਪਾਰਟੀ ਸੀ। ਏਆਈਐਮਆਈਐਮ ਦੇ ਉਮੀਦਵਾਰ ਨੇ 10 ਹਜ਼ਾਰ ਤੋਂ ਵੱਧ ਵੋਟਾਂ ਲਈਆਂ।
ਸਤਨਾ ਤੋਂ ਭਾਜਪਾ ਉਮੀਦਵਾਰ ਯੋਗੇਸ਼ ਤਾਮਰਾਕਰ ਨੇ 24916 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਸਿਧਾਰਥ ਕੁਸ਼ਵਾਹਾ ਨੂੰ ਹਰਾਇਆ। ਸਿਧਾਰਥ ਕਾਂਗਰਸ ਦੇ ਵਿਧਾਇਕ ਵੀ ਹਨ। ਖੰਡਵਾ ਤੋਂ ਭਾਜਪਾ ਉਮੀਦਵਾਰ ਅੰਮ੍ਰਿਤਾ ਯਾਦਵ ਨੇ ਜਿੱਤ ਦਰਜ ਕੀਤੀ ਹੈ । ਉਨ੍ਹਾਂ ਨੇ ਕਾਂਗਰਸ ਦੀ ਆਸ਼ਾ ਮਿਸ਼ਰਾ ਨੂੰ 19765 ਵੋਟਾਂ ਨਾਲ ਹਰਾਇਆ। ਏਆਈਐਮਆਈਐਮ ਦੀ ਉਮੀਦਵਾਰ ਕਨੀਜਾ ਬੀ 9601 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ।
ਸਾਗਰ ਤੋਂ ਭਾਜਪਾ ਉਮੀਦਵਾਰ ਸੰਗੀਤਾ ਤਿਵਾਰੀ 12665 ਵੋਟਾਂ ਨਾਲ ਜੇਤੂ ਰਹੀ। ਉਨ੍ਹਾਂ ਨੇ ਕਾਂਗਰਸ ਦੀ ਨਿਧੀ ਜੈਨ ਨੂੰ ਹਰਾਇਆ। ਮੱਧ ਪ੍ਰਦੇਸ਼ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਸਿੰਗਰੌਲੀ ਤੋਂ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹਿਆ ਹੈ । ‘ਆਪ’ ਉਮੀਦਵਾਰ ਰਾਣੀ ਅਗਰਵਾਲ 9352 ਵੋਟਾਂ ਨਾਲ ਜੇਤੂ ਰਹੀ। ਉਨ੍ਹਾਂ ਕਾਂਗਰਸ ਦੇ ਅਰਵਿੰਦ ਚੰਦੇਲ ਨੂੰ ਹਰਾਇਆ। ਭਾਜਪਾ ਦੇ ਚੰਦਰ ਪ੍ਰਕਾਸ਼ ਵਿਸ਼ਵਕਰਮਾ ਤੀਜੇ ਸਥਾਨ ‘ਤੇ ਰਹੇ। ਛਿੰਦਵਾੜਾ ਤੋਂ ਕਾਂਗਰਸੀ ਉਮੀਦਵਾਰ ਵਿਕਰਮ ਅਹਾਕੇ 3547 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਿਕਰਮ ਨੇ ਭਾਜਪਾ ਦੇ ਆਨੰਦ ਧੁਰਵੇ ਨੂੰ ਹਰਾਇਆ।
ਭੋਪਾਲ ਵਿੱਚ ਭਾਜਪਾ ਦੀ ਮੇਅਰ ਉਮੀਦਵਾਰ ਮਾਲਤੀ ਰਾਏ ਨੂੰ 45,545 ਵੋਟਾਂ ਨਾਲ ਨਿਰਣਾਇਕ ਲੀਡ ਮਿਲੀ ਹੈ। ਇੰਦੌਰ ‘ਚ ਭਾਜਪਾ ਉਮੀਦਵਾਰ ਪੁਸ਼ਿਆਮਿਤਰਾ ਭਾਰਗਵ 52 ਹਜ਼ਾਰ ਤੋਂ ਵੱਧ ਦੀ ਨਿਰਣਾਇਕ ਬੜ੍ਹਤ ਬਣਾ ਰਹੇ ਹਨ। ਜਬਲਪੁਰ ਤੋਂ ਕਾਂਗਰਸੀ ਉਮੀਦਵਾਰ ਜਗਤ ਬਹਾਦੁਰ 43694 ਦੀ ਲੀਡ ਲੈ ਰਹੇ ਹਨ । ਗਵਾਲੀਅਰ ਵਿੱਚ ਕਾਂਗਰਸ ਉਮੀਦਵਾਰ ਸ਼ੋਭਾ ਸੀਕਰਵਾਰ ਦੂਜੇ ਗੇੜ ਵਿੱਚ 22867 ਵੋਟਾਂ ਨਾਲ ਅੱਗੇ ਹੈ। ਉਜੈਨ ‘ਚ ਭਾਜਪਾ ਉਮੀਦਵਾਰ ਮੁਕੇਸ਼ ਤਤਵਾਲ 2620 ਵੋਟਾਂ ਨਾਲ ਅੱਗੇ ਚੱਲ ਰਹੇ ਹਨ।