ਪਟਿਆਲਾ: ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਦੀ ਭਰਤੀ ਲਈ ਮਈ ’ਚ ਹੋਏ ਇਮਤਿਹਾਨ ਦੌਰਾਨ ਆਧੁਨਿਕ ਤਕਨੀਕ ਰਾਹੀਂ ਨਕਲ ਕਰਵਾਉਣ ਦੇ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਚੁਣੇ ਗਏ ਦੋ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕਲ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਫੜੇ ਗਏ ਦੋ ਜਣਿਆਂ ’ਚ ਬਲਰਾਜ ਸਿੰਘ ਵਿੱਕੀ ਵਾਸੀ ਪਿੰਡ ਬਸਹਿਰਾ ਜ਼ਿਲ੍ਹਾ ਸੰਗਰੂਰ ਨੇ ਨਤੀਜੇ ਦੌਰਾਨ ਦੂਜਾ ਰੈਂਕ ਹਾਸਲ ਕੀਤਾ ਸੀ ਜਦਕਿ ਵਰਿੰਦਰਪਾਲ ਚੌਧਰੀ ਵਾਸੀ ਪਿੰਡ ਦੇਧਨਾ ਜ਼ਿਲ੍ਹਾ ਪਟਿਆਲਾ ਦਾ 21ਵਾਂ ਰੈਂਕ ਸੀ। ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਜ ਕੇਸ ਤਹਿਤ ’ਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਵਾਂ ਦਾ ਇਥੇ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਇਸ ਭਰਤੀ ਤੇ ਨਕਲ ਘੁਟਾਲੇ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿਚੋਂ ਤਿੰਨ ਹਰਿਆਣਾ ਅਤੇ ਦੋ ਪੰਜਾਬ ਦੇ ਵਸਨੀਕ ਹਨ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਬਣਨ ਤੋਂ ਤੁਰੰਤ ਬਾਅਦ 22 ਮਈ 2022 ਨੂੰ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ ਹੋਏ ਲਿਖਤੀ ਇਮਤਿਹਾਨ ਦਾ ਨਤੀਜਾ 8 ਸਤੰਬਰ ਨੂੰ ਐਲਾਨਿਆ ਗਿਆ ਸੀ। ਨਤੀਜੇ ਦੇ ਤੁਰੰਤ ਬਾਅਦ ਇਸ ਇਮਤਿਹਾਨ ’ਚ ਗੜਬੜੀ ਹੋਈ ਹੋਣ ਦਾ ਵਿਵਾਦ ਖੜ੍ਹਾ ਹੋ ਗਿਆ। ਭਰਤੀ ’ਚ ਗੜਬੜੀ ਦਾ ਇਹ ਮਾਮਲਾ ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਉਠਾਇਆ ਸੀ।

ਪਟਿਆਲਾ ਪੁਲਿਸ ਨੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਖੁਲਾਸਾ ਕੀਤਾ ਸੀ ਕਿ ਭਰਤੀ ਲਈ ਇਮਤਿਹਾਨ ਦੌਰਾਨ ਪ੍ਰਤੀ ਉਮੀਦਵਾਰ 20 ਤੋਂ 22 ਲੱਖ ਰੁਪਏ ’ਚ ਕੀਤੇ ਗਏ ਸੌਦੇ ਤਹਿਤ ਇੱਕ ਗਰੋਹ ਵੱਲੋਂ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਦਿਆਂ ਨਕਲ ਕਰਵਾਈ ਗਈ ਹੈ। ਇਸ ਚੱਲਦਿਆਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਸੀ ਅਤੇ ਇਸੇ ਕੜੀ ਤਹਿਤ ਹੀ ਅੱਜ ਉਕਤ ਦੋ ਉਮੀਦਵਾਰ ਵੀ ਕਾਬੂ ਕੀਤੇ ਗਏ ਹਨ।

ਜਾਂਚ ਮੁਤਾਬਕ ਕੁਝ ਵਿਅਕਤੀਆਂ ਦੇ ਇਸ ਲਈ ਫਾਰਮ ਭਰਵਾਏ ਗਏ ਤਾਂ ਜੋ ਉਹ ਉਮੀਦਵਾਰਾਂ ਵਜੋਂ ਪ੍ਰੀਖਿਆ ਕੇਂਦਰ ਪਹੁੰਚ ਸਕਣ। ਉਨ੍ਹਾਂ ਦਾ ਕੰਮ ਛੁਪਾ ਕੇ ਲਿਜਾਏ ਗਏ ਵਾਇਰਲੈਸ ਕੈਮਰਿਆਂ ਰਾਹੀਂ ਪ੍ਰਸ਼ਨ ਪੱਤਰ ਦੀ ਫੋਟੋ ਬਾਹਰ ਬੈਠੇ ਗਰੋਹ ਦੇ ਮੈਂਬਰਾਂ ਤੱਕ ਪੁੱਜਦੀ ਕਰਨੀ ਸੀ। ਪ੍ਰਸ਼ਨ ਪੱਤਰ ਹੱਲ ਕਰਨ ਲਈ  ਕਰਨ ਲਈ ਹਰਿਆਣਾ ’ਚ ਬਣਾਏ ਗਏ ਕੰਟਰੋਲ ਰੂਮ ’ਚ ਮਾਹਿਰ ਬਿਠਾਏ ਗਏ ਸਨ ਅਤੇ ਪ੍ਰਸ਼ਨਾਂ ਦੇ ਤਿਆਰ ਕੀਤੇ ਗਏ ਉੱਤਰ ਗਰੋਹ ਦੇ ਮੈਂਬਰਾਂ ਵੱਲੋਂ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਆਕਾਰ ਦੀ ‘ਜੀਐੱਸਐੱਮ’ ਨਾਮਕ ਡਿਵਾਈਸ ਰਾਹੀਂ ਪ੍ਰੀਖਿਆ ਕੇਂਦਰਾਂ ਦੇ ਅੰਦਰ ਬੈਠੇ ਆਪਣੇ ਗਾਹਕ ਉਮੀਦਵਾਰਾਂ ਨੂੰ ਬੋਲ-ਬੋਲ ਕੇ ਕਰਵਾਏ ਗਏ।

ਭਾਵੇਂ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ ਪਰ ਪੁਲਿਸ ਦਾ ਤਰਕ ਹੈ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ ਦੋ ਉਮੀਦਵਾਰਾਂ ਦਾ ਦੂਜਾ ਅਤੇ 21ਵਾਂ ਰੈਂਕ ਉਕਤ ਪ੍ਰਕਿਰਿਆ ਤਹਿਤ ਕੀਤੀ ਗਈ ਨਕਲ ਕਾਰਨ ਹੀ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਅਗਲੇ ਦਿਨੀਂ ਹੋਰ ਗ੍ਰਿਫਤਾਰੀਆਂ ਹੋਣ ਦੇ ਸੰਕੇਤ ਵੀ ਦਿੱਤੇ ਹਨ। ਦੂਜੇ ਪਾਸੇ ਭਾਵੇਂ ਪੁਲੀਸ ਹਾਲੇ ਖੁਲਾਸਾ ਨਹੀਂ ਕਰ ਪਰ ਅਜੇ ਪਤਾ ਲੱਗਿਆ ਹੈ ਫੜੇ ਗਏ ਇਸ ਗਰੋਹ ਨੇ ਹਰਿਆਣਾ ’ਚ ਵੀ ਇਸੇ ਤਰਜ਼ ’ਤੇ ਸਰਕਾਰੀ ਨੌਕਰੀਆਂ ’ਚ ਭਰਤੀ ਲਈ ਉਮੀਦਵਾਰਾਂ ਨੂੰ ਨਕਲ ਕਰਵਾਉਣ ਦੀ ਗੱਲ ਕਬੂਲੀ ਹੈ।

LEAVE A REPLY

Please enter your comment!
Please enter your name here