“ਪਦਮਸ਼੍ਰੀ ਕੌਰ ਸਿੰਘ” ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਟ੍ਰੇਲਰ ਦੇ 3 ਮਿਲੀਅਨ ਤੋਂ ਵੱਧ ਵਿਊਜ਼ ਪਾਰ ਹੋ ਗਏ ਹਨ। ਇਸ ਫਿਲਮ ‘ਚ ਕੌਰ ਸਿੰਘ ਦੇ ਫੌਜੀ ਜੀਵਨ ਅਤੇ ਬਾਕਸਿੰਗ ਦੇ ਖੇਤਰ ਵਿੱਚ ਸੰਘਰਸ਼ ਦੇ ਦਿਨਾਂ ਨੂੰ ਵਿਖਾਇਆ ਗਿਆ ਹੈ।
ਬਹੁਤ ਸਾਰੇ ਸ਼ਾਇਦ ਇਸ ਮਹਾਨ ਬਾਕਸਰ ਦੇ ਨਾਮ ਤੋਂ ਅਣਜਾਣ ਹੋਣਗੇ ਪਰ ਇਹ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ ਜਿਸਨੇ ਮਹਾਨ ਬਾਕਸਰ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ।
ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਬਾਕਸਰ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ਤੇ ਦਿਖਾਇਆ ਜਾਵੇਗਾ। ਉਹ 1971 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਰਾਜਸਥਾਨ ਦੇ ਅਹਿਮਦਾਬਾਦ ਸੈਕਟਰ ਵਿੱਚ ਜੰਗ ਦਾ ਮੈਦਾਨ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਫੌਜ ਵਿੱਚ ਆਪਣੀ ਬਹਾਦਰੀ ਨਾਲ ਲੜਨ ਲਈ, ਉਸਨੂੰ ਸੰਗਰਾਮ ਮੈਡਲ ਅਤੇ ਵੈਸਟ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪਦਮਸ਼੍ਰੀ ਕੌਰ ਸਿੰਘ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫਿਲਮ ਲੇਖਕ ਤੇ ਨਿਰਦੇਸ਼ਕ ਹਨ। ਫਿਲਮ ਦੇ ਮੁੱਖ ਅਦਾਕਾਰ ਕਰਮ ਬਾਠ ਇਸ ਫਿਲਮ ਰਾਹੀਂ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਫਿਲਮ ਵਿੱਚ ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਜਿਹੇ ਸਾਨਦਾਰ ਸਿਤਾਰੇ ਸ਼ਾਮਿਲ ਹਨ।
ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਹਨ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਪ੍ਰੋਡਿਊਸਰ ਨੇ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ । 22 ਜੁਲਾਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟਰੇਲਰ ਵੇਖਦਿਆਂ ਪੰਜਾਬੀ ਦਰਸ਼ਕਾਂ ਵਿੱਚ ਉਤਸੁਕਤਾ ਵੇਖੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੂਰ ਤੇ ਖੇਡਾਂ ਦੇ ਨੇੜੇ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮੇ ‘ਚ ਨਵੇਂ ਝੰਡੇ ਗੱਡੇਗੀ।
ਇਸਦੇ ਨਾਲ ਹੀ ਦੱਸ ਦਈਏ “ਪਦਮਸ਼੍ਰੀ ਕੌਰ ਸਿੰਘ” ਦਾ ਪਹਿਲਾ ਗੀਤ ਜੋ ਕਿ ਰਣਜੀਤ ਬਾਵਾ ਵੱਲੋਂ ਗਾਇਆ ਗਿਆ ਹੈ, ਉਹ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਨਾਂ ਮੈਦਾਨ ਫਤਿਹ ਹੈ ਜੋ ਕਿ ਅੱਜ ਸਵੇਰੇ 11 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਸੰਬੰਧੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।