ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਸਿੰਘ ਰਾਜੂ ਦੇ ਕਤਲ ਕੇਸ ਵਿਚ ਥਾਣਾ ਸਿਟੀ ਕੋਟਕਪੁਰਾ ਪੁਲਿਸ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸਮੇਤ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਗੋਲਡੀ ਬਰਾੜ ਤੋਂ ਇਲਾਵਾ ਫਰੀਦਕੋਟ ਦੇ ਸੁਸਾਇਟੀ ਨਗਰ ਨਿਵਾਸੀ ਮਨਪ੍ਰੀਤ ਸਿੰਘ ਉਰਫ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮੁਨਾਵਾ ਦੇ ਵਾਸੀ ਹਰਜਿੰਦਰ ਸਿੰਘ ਉਰਫ ਰਾਜੂ ਦਾ ਨਾਂ ਸ਼ਾਮਲ ਹੈ।
ਘਟਨਾ ਵਾਲੇ ਦਿਨ ਹੀ ਪੁਲਿਸ ਨੂੰ ਫਰੀਦਕੋਟ ਵਸਨੀਕ ਦੋਵਾਂ ਨੌਜਵਾਨਾਂ ਬਾਰੇ ਪਤਾ ਲੱਗ ਗਿਆ ਸੀ ਤੇ ਉਹਨਾਂ ਦੇ ਘਰ ਛਾਪੇ ਵੀ ਮਾਰੇ ਗਏ ਸਨ। ਪ੍ਰਦੀਪ ਸਿੰਘ ਰਾਜੂ ਦੀ ਪਤਨੀ ਸਿਮਰਨ ਦੇ ਬਿਆਨ ਦੇ ਆਧਾਰ ’ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇਸ ਮਾਮਲੇ ਵਿਚ 3 ਜਣਿਆਂ ਨੂੰ ਪਟਿਆਲਾ ਦੇ ਬਖਸ਼ੀਵਾਲਾ ਇਲਾਕੇ ਵਿਚੋਂ ਚੁੱਕਿਆ ਹੈ।