ਕੈਨੇਡਾ ‘ਚ ਭਾਰਤੀ ਮੂਲ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ 133 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਹ ਲੋਕ ਮੈਕਸੀਕੋ ਤੋਂ ਨਸ਼ੇ ਖਰੀਦ ਕੇ ਕੈਨੇਡਾ ਅਤੇ ਅਮਰੀਕਾ ਪਹੁੰਚਾਉਂਦੇ ਸਨ।
ਕੈਨੇਡੀਅਨ ਪੁਲਿਸ ਅਤੇ ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨਸ਼ਾ ਤਸਕਰਾਂ ਨੂੰ ਫੜਨ ਲਈ ‘ਡੈੱਡ ਹੈਂਡ ਅਪਰੇਸ਼ਨ’ ਚਲਾ ਰਹੀ ਹੈ। ਇਸ ਤਹਿਤ ਆਯੂਸ਼ ਸ਼ਰਮਾ, ਗੁਰਅਮ੍ਰਿਤ ਸਿੱਧੂ ਅਤੇ ਸ਼ੁਭਮ ਕੁਮਾਰ ਨੂੰ 2 ਜਨਵਰੀ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ। ਸਾਂਝੀ ਕਾਰਵਾਈ ਦੌਰਾਨ 7 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਕੀਲ ਮਾਰਟਿਨ ਐਸਟਰਾਡਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਡਰੱਗ ਤਸਕਰੀ ਰੈਕੇਟ ਨਾਲ ਜੁੜੇ ਹੋਏ ਹਨ। ਉਹ ਮੈਕਸੀਕਨ ਡੀਲਰਾਂ ਤੋਂ ਨਸ਼ੇ ਖਰੀਦਦੇ ਸਨ। ਅਮਰੀਕਾ ਦੇ ਲਾਸ ਏਂਜਲਸ ਸਥਿਤ ਡਿਸਟ੍ਰੀਬਿਊਟਰ ਅਤੇ ਬ੍ਰੋਕਰ ਇਸ ਨੂੰ ਕੈਨੇਡੀਅਨ ਟਰੱਕ ਡਰਾਈਵਰਾਂ ਤੱਕ ਪਹੁੰਚਾਉਂਦੇ ਸਨ। ਇਸ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਵਿਚ ਮੈਕਸੀਕਨ ਨਸ਼ੇ ਵੇਚੇ ਜਾ ਰਹੇ ਸਨ।