ਅੱਜ ਟ੍ਰੇਨ ਰਾਹੀਂ ਝਾਰਖੰਡ ਤੋਂ ਰੋਪੜ ਥਰਮਲ ਪਲਾਂਟ ਵਿਖੇ ਪਹੁੰਚੇਗੀ ਕੋਲੇ ਦੀ ਪਹਿਲੀ ਖੇਪ

0
68

ਅੱਜ ਟ੍ਰੇਨ ਰਾਹੀਂ ਝਾਰਖੰਡ ਤੋਂ ਰੋਪੜ ਥਰਮਲ ਪਲਾਂਟ ਵਿਖੇ ਕੋਲੇ ਦੀ ਪਹਿਲੀ ਖੇਪ ਪਹੁੰਚੇਗੀ। ਝਾਰਖੰਡ ਦੀ ਪਛਵਾੜਾ ਕੋਲਾ ਖਾਣ ਤੋਂ ਕਰੀਬ ਪੌਣੇ ਅੱਠ ਵਰ੍ਹਿਆਂ ਮਗਰੋਂ ਕੋਲੇ ਦੀ ਪਹਿਲੇ ਖੇਪ ਅੱਜ ਤਾਪ ਬਿਜਲੀ ਘਰ ਰੋਪੜ ਵਿਖੇ ਪੁੱਜ ਰਹੀ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਰੋਪੜ ਥਰਮਲ ’ਚ ਰਸੀਵ ਕਰਨਗੇ। ਪਛਵਾੜਾ ਕੋਲਾ ਖਾਣ ਤੋਂ ਕੋਲਾ ਦੋ ਦਸੰਬਰ ਤੋਂ ਪਾਕੁਰ ਰੇਲਵੇ ਸਟੇਸ਼ਨ ਲਾਗੇ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ 12 ਦਸੰਬਰ ਨੂੰ ਪਹਿਲੀ ਟਰੇਨ ਪੰਜਾਬ ਲਈ ਰਵਾਨਾ ਹੋਈ ਹੈ।  ਪਾਵਰਕੌਮ ਵੱਲੋਂ ਪਛਵਾੜਾ ਕੋਲਾ ਖਾਣ ਨੂੰ ਚਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਮਾਹਿਰ ਦੱਸਦੇ ਹਨ ਕਿ ਪਛਵਾੜਾ ਕੋਲਾ ਖਾਣ ਦੇ ਕੋਲੇ ਦੀ ਖ਼ੂਬੀ ਹੈ ਕਿ ਇਸ ’ਚ ਸੁਆਹ ਘੱਟ ਹੈ ਅਤੇ ਘੱਟ ਕੋਲੇ ਨਾਲ ਵੱਧ ਬਿਜਲੀ ਬਣਦੀ ਹੈ। ਇਸ ਕੋਲੇ ਦੀ ਕਲੈਰੋਫਿਕ ਵੈਲਿਊ ਕਰੀਬ 4300 ਤੋਂ ਉਪਰ ਹੈ ਅਤੇ ਹੁਣ ਵਿਦੇਸ਼ੀ ਕੋਲੇ ਤੋਂ ਵੀ ਪੰਜਾਬ ਦਾ ਛੁਟਕਾਰਾ ਹੋ ਜਾਣਾ ਹੈ। ਪਾਵਰਕੌਮ ਦੇ ਆਪਣੇ ਤਾਪ ਬਿਜਲੀ ਘਰਾਂ ਵਿਚ ਹੁਣ ਕੋਲੇ ਦੇ ਭੰਡਾਰ ਨਹੀਂ ਮੁੱਕਣਗੇ। ਅੱਜ ਪਹਿਲੀ ਖੇਪ ’ਚ ਕਰੀਬ ਚਾਰ ਹਜ਼ਾਰ ਮੀਟਰਿਕ ਟਨ ਕੋਲਾ ਰੋਪੜ ਥਰਮਲ ਪਲਾਂਟ ਵਿਚ ਪੁੱਜੇਗਾ।

ਮਾਹਿਰ ਆਖਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਪਛਵਾੜਾ ਕੋਲਾ ਖਾਣ ਦਾ ਕੋਲਾ ਪ੍ਰਾਈਵੇਟ ਤਾਪ ਬਿਜਲੀ ਘਰਾਂ ਵਿਚ ਵਰਤਣ ਦੀ ਪ੍ਰਵਾਨਗੀ ਦੇਣ ਦੀ ਸੂਰਤ ਵਿਚ ਪੰਜਾਬ ਦਾ ਕੋਲੇ ਦਾ ਮਸਲਾ ਸਦਾ ਲਈ ਹੱਲ ਹੋ ਜਾਵੇਗਾ। ਪਛਵਾੜਾ ਕੋਲਾ ਖਾਣ ਤੋਂ ਕਰੀਬ 70 ਲੱਖ ਮੀਟਰਿਕ ਟਨ ਕੋਲਾ ਸਾਲਾਨਾ ਪ੍ਰਾਪਤ ਹੋਵੇਗਾ। ਇਹ ਕੋਲਾ ਸਸਤਾ ਵੀ ਪਵੇਗਾ ਅਤੇ ਪਾਵਰਕੌਮ ਦਾ ਕਰੀਬ 600 ਕਰੋੜ ਦਾ ਵਿੱਤੀ ਖਰਚਾ ਵੀ ਘਟੇਗਾ। ਚੇਤੇ ਰਹੇ ਕਿ ਪਛਵਾੜਾ ਕੋਲਾ ਖਾਣ ਪਾਵਰਕੌਮ ਨੂੰ ਦਸੰਬਰ 2001 ਵਿਚ ਅਲਾਟ ਹੋਈ ਸੀ। ਪਛਵਾੜਾ ਤੋਂ ਖੁਦਾਈ ਕਰਨ ਦੀ ਪ੍ਰਵਾਨਗੀ ਪਾਵਰਕੌਮ ਨੂੰ ਤੀਹ ਵਰ੍ਹਿਆਂ ਲਈ ਦਿੱਤੀ ਗਈ ਹੈ ਜੋ ਕਿ ਵਰ੍ਹਾ 2049 ਤੱਕ ਬਣਦੀ ਹੈ।

ਮਾਰਚ 2015 ਤੱਕ ਪਛਵਾੜਾ ਕੋਲਾ ਖਾਣ ਦਾ ਕੋਲਾ ਪੰਜਾਬ ਨੂੰ ਮਿਲਦਾ ਰਿਹਾ ਹੈ। ਸੁਪਰੀਮ ਕੋਰਟ ਨੇ ਦੂਸਰੇ ਬਲਾਕਾਂ ਦੇ ਨਾਲ ਪਛਵਾੜਾ ਕੋਲਾ ਖਾਣ ਦੀ ਅਲਾਟਮੈਂਟ 24 ਸਤੰਬਰ 2014 ਨੂੰ ਰੱਦ ਕਰ ਦਿੱਤੀ ਸੀ। ਇਹ ਮਾਮਲਾ ਪਹਿਲਾਂ ਹਾਈਕੋਰਟ ਅਤੇ ਮਗਰੋਂ ਸੁਪਰੀਮ ਕੋਰਟ ਤੱਕ ਵੀ ਚੱਲਿਆ ਸੀ। ਅਖੀਰ ਸੁਪਰੀਮ ਕੋਰਟ ਦਾ ਫੈਸਲਾ ਪਾਵਰਕੌਮ ਦੇ ਹੱਕ ਵਿਚ ਆ ਗਿਆ ਜਿਸ ਨਾਲ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਖੁਦਾਈ ਲਈ ਰਾਹ ਪੱਧਰਾ ਹੋ ਗਿਆ।

ਪਾਵਰਕੌਮ ਹੁਣ ਪਛਵਾੜਾ ਕੋਲਾ ਖਾਣ ਤੋਂ 15 ਲੱਖ ਮੀਟਰਿਕ ਟਨ ਸਲਾਨਾ ਸਮਰੱਥਾ ਵਧਾਉਣ ਦੇ ਰਾਹ ਵੀ ਪਿਆ ਹੈ। ਭਵਿੱਖ ਦੀਆਂ ਲੋੜਾਂ ਦੇ ਹਿਸਾਬ ਨਾਲ ਸਮਰੱਥਾ ਵਧਾਈ ਜਾਵੇਗੀ। ਅੱਜ ਰੋਪੜ ਤਾਪ ਬਿਜਲੀ ਘਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾ ਵੀ ਹਾਜ਼ਰ ਹੋਣਗੇ।

LEAVE A REPLY

Please enter your comment!
Please enter your name here