ਗੰਨ ਕਲਚਰ ‘ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਐਕਸ਼ਨ ਮੋਡ ‘ਚ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿਣ ਵਾਲੇ ਢਿੱਲੋਂ ਪ੍ਰੀਤ ਦੇ ਖ਼ਿਲਾਫ਼ FIR ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਮਸ਼ਹੂਰ ‘ਕੁੱਲ੍ਹੜ ਪੀਜ਼ਾ’ ਕੱਪਲ ਦੇ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਸੀ।

ਢਿੱਲੋਂ ਪ੍ਰੀਤ ਦੇ ਇੰਸਟਾਗ੍ਰਾਮ ‘ਤੇ ਲੱਖਾਂ ‘ਚ ਫਾਲੋਅਰਜ਼ ਹਨ। ਮਿਲੀ ਜਾਣਕਾਰੀ ਮੁਤਾਬਕ ਢਿੱਲੋਂ ਪ੍ਰੀਤ ਦੇ ਖ਼ਿਲਾਫ਼ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਇਲਜ਼ਾਮ ਹਨ ਜਿਸ ਕਰਕੇ ਤਰਨ ਤਾਰਨ ਵਿਖੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿੱਚ ਰਹਿਣ ਵਾਲੇ ‘ਕੁੱਲੜ੍ਹ ਪੀਜ਼ਾ’ ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ ‘ਤੇ FIR ਦਰਜ ਕੀਤੀ ਗਈ ਸੀ। ਇੰਨ੍ਹੀ ਦਿਨੀਂ ਪੰਜਾਬ ਸਰਕਾਰ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਐਕਸ਼ਨ ਵਿੱਚ ਹੈ ਕਿਉਂਕਿ ਉਨ੍ਹਾਂ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

‘ਕੁਲੜ੍ਹ ਪੀਜ਼ਾ’ ਕੱਪਲ ਦੀ ਵੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਹਥਿਆਰਾਂ ਦੀ ਨੁਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਵੱਲੋਂ ਬਾਅਦ ‘ਚ ਇੱਕ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਕਿ ਤਸਵੀਰ ਵਿੱਚ ਜੋ ਹਥਿਆਰ ਦਿਖਾਈ ਦੇ ਰਿਹਾ ਹੈ ਉਹ ਖਿਲੌਣੇ ਵਾਲੀ ਬੰਦੂਕ ਹੈ ਅਤੇ ਇਹ ਬਹੁਤ ਪੁਰਾਣੀ ਵੀਡੀਓ ਹੈ।

‘ਕੁੱਲ੍ਹੜ ਪੀਜ਼ਾ’ ਕੱਪਲ ਨੇ ਦੱਸਿਆ ਕਿ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਾਗਵੰਤ ਮਾਨ ਵੱਲੋਂ ਗੰਨ ਕਲਚਰ ਦੇ ਖ਼ਿਲਾਫ਼ ਜਾਰੀ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਜਾਰੀ ਕਰਨ ਤੋਂ ਪਹਿਲਾਂ ਬਣਾਇਆ ਗਿਆ ਸੀ।