ਭਗਵੰਤ ਮਾਨ ਵੱਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੀ. ਏ. ਯੂ. ਕੈਂਪਸ ਵਿਖੇ ਨਸ਼ਿਆਂ ਖ਼ਿਲਾਫ਼ ਵੱਡੀ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਈਵੈਂਟ ਲਈ 20 ਹਜ਼ਾਰ ਤੋਂ ਵੱਧ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਗੱਲ ਕਹੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਭ ਨੇ ਰਲ-ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਐਂਟੀ ਡਰੱਗਜ਼ ਸਾਈਕਲ ਰੈਲੀ’ ਕੱਢੀ ਜਾ ਰਹੀ ਹੈ।

ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਬਾਰੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਜ਼ਮਾਨੇ ‘ਚ ਕਰਤਾਰ ਸਿੰਘ ਸਰਾਭਾ ਕੈਲੀਫੋਰਨੀਆ ਦੀ ਯੂਨੀਵਰਸਿਟੀ ‘ਚੋਂ ਪਾਇਲਟ ਦਾ ਕੋਰਸ ਕਰਕੇ ਆਏ ਸੀ। ਜਦੋਂ ਉਨ੍ਹਾਂ ਦਾ ਪੰਜਾਬ ਆ ਕੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਤਾਂ ਉਨ੍ਹਾਂ ਨੇ ਆਪਣੀ ਜਿੰਦੜੀ ਦੇਸ਼ ਨੂੰ ਸੌਂਪ ਦਿੱਤੀ।

ਉਨ੍ਹਾਂ ਕਿਹਾ ਕਿ ਅੱਜ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਛੁੱਟੀ ਪਿਕਨਿਕ ਮਨਾਉਣ ਲਈ ਨਹੀਂ ਕੀਤੀ, ਸਗੋਂ ਇਸ ਲਈ ਕੀਤੀ ਹੈ ਕਿ ਬੱਚੇ ਅੱਜ ਆਪਣੇ ਮਾਪਿਆਂ ਨੂੰ ਪੁੱਛਣਗੇ ਕਿ ਸਕੂਲ ‘ਚ ਅੱਜ ਕਿਉਂ ਛੁੱਟੀ ਕੀਤੀ ਗਈ ਹੈ ਤਾਂ ਫਿਰ ਮਾਪੇ ਬੱਚਿਆਂ ਨੂੰ ਦੱਸਣਗੇ ਕਿ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਕੁਰਬਾਨੀ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅੱਜ ਅਖ਼ਬਾਰਾਂ ‘ਚ ਪਹਿਲੀ ਵਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਜਿਹੜੇ 7 ਸਾਥੀ ਹੋਰ ਸੀ, ਉਨ੍ਹਾਂ ਦੀ ਵੀ ਫੋਟੋ ਛਪੀ ਹੈ। ਕੁੱਲ 8 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਸੀ ਅਤੇ 7 ਬੰਦਿਆਂ ਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਨੂੰ ਪਤਾ ਸੀ ਕਿ ਆਜ਼ਾਦੀ ਤਾਂ ਆ ਜਾਵੇਗੀ ਪਰ ਇਸ ਤੋਂ ਬਾਅਦ ਮੁਲਕ ਕਿਹੜੇ ਹੱਥਾਂ ‘ਚ ਜਾਵੇਗੀ, ਇਸ ਗੱਲ ਦਾ ਉਨ੍ਹਾਂ ਨੂੰ ਡਰ ਸੀ।

ਉਨ੍ਹਾਂ ਨੇ ਲੋਕਾਂ ਨੂੰ ਸ਼ਹੀਦਾਂ ਦਾ ਡਰ ਖ਼ਤਮ ਕਰਨ ਲਈ ਕਿਹਾ ਅਤੇ ਪੰਜਾਬ ਨੂੰ ਖ਼ੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪੰਜਾਬ ਪੁਲਸ ਬਾਰੇ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ‘ਚ ਹਰ ਸਾਲ ਭਰਤੀ ਹੋਇਆ ਕਰੇਗੀ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਕੰਮਕਾਰ ਵੱਲ ਧਿਆਨ ਦੇਣ, ਪੰਜਾਬ ਸਰਕਾਰ ਉੁਨ੍ਹਾਂ ਦੇ ਨਾਲ ਖੜ੍ਹੀ ਹੈ।

LEAVE A REPLY

Please enter your comment!
Please enter your name here