2024 ਅੰਡਰ-19 ਵਿਸ਼ਵ ਕੱਪ ਹੁਣ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਟੀਮ ਅਜੇਤੂ ਰਹਿੰਦੇ ਹੋਏ ਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਮੈਚ ਦੱਖਣੀ ਅਫਰੀਕਾ ਦੇ ਵਿਲੋਮੂਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਇਹ ਮੈਚ ਬਹੁਤ ਹੀ ਰੋਮਾਂਚਿਕ ਰਿਹਾ। ਹੁਣ ਟੂਰਨਾਮੈਂਟ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 18 ਸਾਲ ਬਾਅਦ ਖਿਤਾਬ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ।
ਪਹਿਲੇ ਸੈਮੀਫਾਈਨਲ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ ਰੋਮਾਂਚਕ ਮੈਚ ਜਿੱਤਿਆ ਸੀ। ਭਾਰਤੀ ਅੰਡਰ-19 ਟੀਮ ਨੇ ਹੁਣ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੁਕਾਬਲਾ ਹੋ ਸਕਦਾ ਹੈ।
2024 ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬੇਨੋਨੀ ਦੇ ਵਿਲੋਮੂਰ ਪਾਰਕ ‘ਚ ਖੇਡਿਆ ਗਿਆ। ਪਹਿਲਾਂ ਖੇਡਦਿਆਂ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 244 ਦੌੜਾਂ ਬਣਾਈਆਂ।
245 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਭਾਰਤੀ ਓਪਨਰ ਆਦਰਸ਼ ਸਿੰਘ ਗੇਂਦਬਾਜ਼ ਕਵੇਨਾ ਮਫਾਕਾ ਵੱਲੋਂ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਕੀਪਰ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਮੁਸ਼ੀਰ ਖ਼ਾਨ (4) ਤੇ ਅਰਸ਼ਿਨ ਕੁਲਕਰਨੀ (12) ਵੀ ਸਸਤੇ ‘ਚ ਪੈਵੇਲੀਅਨ ਪਰਤ ਗਏ।
ਇਸ ਦੇ ਜਵਾਬ ‘ਚ ਭਾਰਤੀ ਅੰਡਰ-19 ਟੀਮ ਨੇ ਇਕ ਸਮੇਂ ਸਿਰਫ 32 ਦੌੜਾਂ ‘ਤੇ ਚਾਰ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਉਦੈ ਸਹਾਰਨ (81 ਦੌੜਾਂ) ਅਤੇ ਸਚਿਨ ਦਾਸ (96 ਦੌੜਾਂ) ਨੇ ਪੰਜਵੀਂ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਮੋੜ ਦਿੱਤਾ। ਅਖੀਰ ‘ਚ ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 2 ਵਿਕਟਾਂ ਨਾਲ ਜਿੱਤ ਕੇ 5ਵੀਂ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ।
ਇਸ ਤੋਂ ਬਾਅਦ ਭਾਰਤੀ ਕਪਤਾਨ ਉਦੈ ਸਹਾਰਨ ਨੇ ਕਪਤਾਨੀ ਪਾਰੀ ਖੇਡਦੇ ਹੋਏ 124 ਗੇਂਦਾਂ ‘ਚ 81 ਦੌੜਾਂ ਦੀ ਸੂਝਬੂਝ ਭਰੀ ਪਾਰੀ ਖੇਡੀ। ਸਚਿਨ ਦਾਸ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਤੇ 95 ਗੇਂਦਾਂ ‘ਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਭਾਰਤ ਨੂੰ ਟੀਚੇ ਦੇ ਨਜ਼ਦੀਕ ਪਹੁੰਚਾਇਆ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਰਾਜ ਲਿੰਬਾਨੀ ਨੇ 13 ਦੌੜਾਂ ਬਣਾਈਆਂ ਤੇ ਜੇਤੂ ਸ਼ਾਟ ਲਗਾ ਕੇ ਭਾਰਤ ਨੂੰ 8 ਵਿਕਟਾਂ ਗੁਆਉਣ ਤੋਂ ਬਾਅਦ 49ਵੇਂ ਓਵਰ ‘ਚ ਰੋਮਾਂਚਕ ਜਿੱਤ ਦਿਵਾ ਦਿੱਤੀ।
ਅੰਡਰ-19 ਵਿਸ਼ਵ ਕੱਪ 2024 ਦਾ ਫਾਈਨਲ ਮੈਚ 11 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਭਾਰਤ ਵਾਂਗ ਪਾਕਿਸਤਾਨ ਅਤੇ ਆਸਟ੍ਰੇਲੀਆ ਵੀ ਟੂਰਨਾਮੈਂਟ ਵਿੱਚ ਅਜਿੱਤ ਰਹੇ ਹਨ।
ਜਿੱਥੇ ਪਾਕਿਸਤਾਨ ਨੇ ਆਪਣੇ ਸਾਰੇ ਮੈਚ ਜਿੱਤ ਲਏ ਹਨ, ਉਥੇ ਆਸਟ੍ਰੇਲੀਆ ਦਾ ਆਖਰੀ ਮੈਚ ਰੱਦ ਕਰ ਦਿੱਤਾ ਗਿਆ ਸੀ। ਜੇਕਰ ਪਾਕਿਸਤਾਨ ਦੀ ਟੀਮ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾਉਂਦੀ ਹੈ ਤਾਂ ਫਾਈਨਲ ਮੈਚ 11 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ।