ਹਥਿਆਰਾਂ ਦੀ ਤਸਕਰੀ ਦਾ ਮੁੱਖ ਦੋਸ਼ੀ ਛੇ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ

0
14
Amritsar Commissionerate Police

ਚੰਡੀਗੜ੍ਹ/ਅੰਮ੍ਰਿਤਸਰ, 11 ਸਤੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਮੁਹਿੰਮ ਦੌਰਾਨ ਖੁਫ਼ੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਛੇ ਮੈਂਬਰਾਂ ਨੂੰ 6 ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਸੰਗਠਿਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ ।

6 ਹਥਿਆਰਾਂ ਤੇ 5.75 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ

ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਪਿੰਡ ਵਾਨ ਤਾਰਾ ਸਿੰਘ, ਤਰਨਤਾਰਨ; ਅਜੈਬੀਰ ਸਿੰਘ ਉਰਫ਼ ਅਜੈ ਵਾਸੀ ਗਲੀ ਪੰਜਾਬ ਸਿੰਘ, ਅੰਮ੍ਰਿਤਸਰ; ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਾਲ ਐਵੇਨਿਊ, ਅੰਮ੍ਰਿਤਸਰ; ਸ੍ਰੀ ਰਾਮ ਵਾਸੀ ਪਾਲ ਐਵੇਨਿਊ, ਅੰਮ੍ਰਿਤਸਰ; ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ, ਅਫ਼ਸਰ ਕਲੋਨੀ, ਅੰਮ੍ਰਿਤਸਰ ਅਤੇ ਦਿਨੇਸ਼ ਕੁਮਾਰ ਵਾਸੀ ਆਦਮਪੁਰ, ਜਲੰਧਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9 ਐਮਐਮ ਗਲੋਕ, ਤਿੰਨ .30 ਬੋਰ ਪੀਐਕਸ-5 ਪਿਸਤੌਲ, ਇੱਕ .32 ਬੋਰ ਅਤੇ .30 ਬੋਰ ਪਿਸਤੌਲ ਸ਼ਾਮਲ ਹਨ ।

ਗ੍ਰਿਫ਼ਤਾਰ ਦੋਸ਼ੀ ਮਹਿਕਪ੍ਰੀਤ ਸਿੰਘ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਸਿੰਡੀਕੇਟ ਚਲਾ ਰਿਹਾ ਸੀ : ਡੀ. ਜੀ. ਪੀ. ਗੌਰਵ ਯਾਦਵ

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਸਿੰਡੀਕੇਟ ਗ੍ਰਿਫ਼ਤਾਰ ਮੁਲਜ਼ਮ ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਚਲਾਇਆ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਜਾਂਚ ਦੇ ਵੱਖ-ਵੱਖ ਪੜਾਵਾਂ ‘ਤੇ ਕਈ ਬਰਾਮਦਗੀਆਂ ਹੋਈਆਂ ਹਨ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ ।

ਮੁੱਖ ਦੋਸ਼ੀ ਮਹਿਕਪ੍ਰੀਤ ਨੂੰ ਗੋਆ ਤੋਂ ਕੀਤਾ ਗ੍ਰਿਫ਼ਤਾਰ : ਸੀ. ਪੀ. ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਦੋਸ਼ੀ ਪ੍ਰਗਟ ਸਿੰਘ ਨੂੰ ਪਹਿਲਾਂ ਦੋ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਸਰਹੱਦ ਪਾਰ ਦੀਆਂ ਖੇਪਾਂ ਦਾ ਹਿੱਸਾ ਸਨ ਅਤੇ ਨੈੱਟਵਰਕ ਰਾਹੀਂ ਅੱਗੇ ਵੰਡੇ ਜਾਣੇ ਸਨ । ਜਾਂਚ ਦੌਰਾਨ, ਮਾਡਿਊਲ ਦੇ ਹੋਰਨਾਂ ਮੈਂਬਰਾਂ ਅਜੈਬੀਰ, ਕਰਨਬੀਰ ਅਤੇ ਸ੍ਰੀ ਰਾਮ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਅੱਗੇ ਦੱਸਿਆ ਕਿ ਮਹਿਕਪ੍ਰੀਤ ਵਜੋਂ ਪਛਾਣੇ ਗਏ ਮਾਡਿਊਲ ਦੇ ਮੁੱਖ ਸਰਗਨਾ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ ।

ਹਥਿਆਰਾਂ ਦੀ ਤਸਕਰੀ ਦੇ ਵਪਾਰ ਦਾ ਪੈਸਾ ਹਵਾਲਾ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਥਿਆਰਾਂ ਦੀ ਤਸਕਰੀ ਦੇ ਵਪਾਰ ਦਾ ਪੈਸਾ ਹਵਾਲਾ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ, ਜਿਸ ਵਿੱਚ ਦੋਸ਼ੀ ਦਿਨੇਸ਼ ਨੂੰ 5.75 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਇਸ ਸਬੰਧੀ ਕੇਸ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 218 ਮਿਤੀ 18-08-2025 ਨੂੰ ਦਰਜ ਕੀਤਾ ਗਿਆ ਹੈ ।

Read More : ਸਰਹੱਦ ਪਾਰੋਂ ਚੱਲ ਰਹੇ ਤਸਕਰੀ ਰੈਕੇਟ ਦਾ ਪਰਦਾਫਾਸ਼

LEAVE A REPLY

Please enter your comment!
Please enter your name here