ਜਲੰਧਰ ‘ਚ ਕਾਰੋਬਾਰੀ ਨੂੰ ਸ਼ੱਕੀ ਹਾਲਾਤਾਂ ‘ਚ ਲੱਗੀ ਗੋਲੀ, ਹਾਲਤ ਗੰਭੀਰ
ਪੰਜਾਬ ਵਿੱਚ ਨਿਤ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ਜਵਾਹਰ ਨਗਰ ਕੋਠੀ ਨੰਬਰ 40 ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਤੁਰੰਤ ਖੂਨ ਨਾਲ ਲੱਥਪੱਥ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਵਿਅਕਤੀ ਦੀ ਮਨਿਆਰੀ ਦੀ ਦੁਕਾਨ ਹੈ। ਦੁਕਾਨ ਦਾ ਨਾਮ ਚੀਪ ਕਾਰਨਰ ਹੈ। ਜ਼ਖਮੀ ਵਪਾਰੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਜ਼ਖਮੀ ਦਾ ਨਾਂ ਮਾਨਵ ਖੁਰਾਣਾ (44) ਹੈ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮਾਨਵ ਦੀ ਰੈਨਕ ਬਜ਼ਾਰ ਵਿੱਚ ਦੁਕਾਨ ਹੈ। ਇਲਾਕਾ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਵ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ। ਮਾਨਵ ਦੇ ਪਰਿਵਾਰ ਵਿੱਚ ਉਸਦੀ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਸਕੂਲ ਵੈਨ ਤੇ ਆਲਟੋ ਕਾਰ ‘ਚ ਹੋਈ ਭਿਆਨਕ ਟੱਕਰ , ਵੈਨ ਚਾਲਕ ਦੀ ਮੌਕੇ ‘ਤੇ ਮੌਤ
ਪਿਤਾ ਨਾਲ ਰਹਿੰਦਾ ਸੀ ਕਾਫੀ ਝਗੜਾ
ਸੂਤਰਾਂ ਮੁਤਾਬਕ ਮਾਨਵ ਦਾ ਆਪਣੇ ਪਿਤਾ ਨਾਲ ਕਾਫੀ ਝਗੜਾ ਰਹਿੰਦਾ ਸੀ ਅਤੇ ਅੱਜ ਸਵੇਰੇ ਵੀ ਉਸ ਦੀ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਹੀ ਮਾਨਵ ਨੇ ਇਹ ਕਦਮ ਚੁੱਕਿਆ। ਇਸ ਘਟਨਾ ਤੋਂ ਬਾਅਦ ਪੁਲਿਸ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਗੋਲੀ ਚਲਾਉਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।