ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ
Sports News : ਹਾਲੀ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਟੀ-20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦ੍ਰਵਿੜ ਨੂੰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ | ਵਿਸ਼ਵ ਕੱਪ ਇਤਿਹਾਸਿਕ ਜਿੱਤ ਦੇ ਬਾਅਦ BCCI ਨੇ ਦ੍ਰਵਿੜ ਨੂੰ ਬਤੌਰ ਬੋਨਸ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇੰਨੀ ਹੀ ਰਾਸ਼ੀ ਵਿਸ਼ਵ ਕੱਪ ਚੈਂਪੀਅਨ ਬਾਕੀ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਗਈ ਹੈ। ਪਰ ਹੁਣ ਦ੍ਰਵਿੜ ਨੇ ਉਸ ਵਿੱਚੋਂ ਸਿਰਫ਼ 2.5 ਕਰੋੜ ਹੀ ਲਏ ਹਨ ਤੇ ਬਾਕੀ ਰਕਮ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।
ਸਭ ਨੂੰ ਦਿੱਤੀ ਜਾਵੇ ਬਰਾਬਰ ਰਾਸ਼ੀ
ਦਰਅਸਲ, ਬਾਕੀ ਕੋਚਿੰਗ ਸਟਾਫ਼ ਨੂੰ 2.5-2.5 ਕਰੋੜ ਰੁਪਏ ਹੀ ਦਿੱਤੇ ਗਏ ਸਨ। ਅਜਿਹੇ ਵਿੱਚ 51 ਸਾਲ ਦੇ ਦ੍ਰਵਿੜ ਦਾ ਮੰਨਣਾ ਹੈ ਕਿ ਜਾਂ ਤਾਂ ਸਭ ਨੂੰ ਬਰਾਬਰ ਰਾਸ਼ੀ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਵੀ ਉਨੀ ਹੀ ਰਕਮ ਮਨਜ਼ੂਰ ਹੋਵੇਗੀ, ਜਿੰਨੀ ਬਾਕੀਆਂ ਨੂੰ ਮਿਲੀ ਹੈ। ਸੂਤਰਾਂ ਅਨੁਸਾਰ ਸਾਬਕਾ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਵੀ ਬਾਕੀ ਸਪੋਰਟ ਸਟਾਫ ਦੇ ਬਰਾਬਰ ਹੀ ਬੋਨਸ ਚਾਹੀਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ BCCI ਵੱਲੋਂ ਦਿੱਤੇ ਗਏ ਬੋਨਸ ਵਿੱਚੋਂ 2.5 ਕਰੋੜ ਰੁਪਏ ਕੁਰਬਾਨ ਕਰ ਦਿੱਤੇ ਹਨ। ਬਾਕੀ ਸਟਾਫ ਵਿੱਚ ਬਾਲਿੰਗ ਕੋਚ, ਫ਼ੀਲਡਿੰਗ ਕੋਚ ਤੇ ਬੈਟਿੰਗ ਕੋਚ ਦਾ ਨਾਮ ਸ਼ਾਮਿਲ ਹੈ।
ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਬਾਰਬਾਡੋਸ ਵਿੱਚ ਖੇਡਿਆ ਗਿਆ
ਧਿਆਨਯੋਗ ਹੈ ਕਿ 29 ਜੂਨ ਨੂੰ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਬਾਰਬਾਡੋਸ ਵਿੱਚ ਖੇਡਿਆ ਗਿਆ ਸੀ | ਇਸ ਖਿਤਾਬੀ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਬਾਅਦ BCCI ਨੇ ਬਤੌਰ ਇਨਾਮ 125 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਰਿਪੋਰਟਾਂ ਮੁਤਾਬਕ ਇਸ ਇਨਾਮ ਵਿੱਚੋਂ 15 ਖਿਡਾਰੀ ਤੇ ਹੈੱਡ ਕੋਚ ਦ੍ਰਵਿੜ ਨੂੰ 5-5 ਕਰੋੜ ਰੁਪਏ ਮਿਲੇ ਸਨ। ਜਦਕਿ ਬਾਕੀ ਦੇ ਤਿੰਨ ਕੋਚਾਂ ਨੂੰ 2.5-2.5 ਕਰੋੜ ਰੁਪਏ ਦਿੱਤੇ ਗਏ ਹਨ। 4 ਰਿਜ਼ਰਵ ਖਿਡਾਰੀਆਂ ਨੂੰ ਵੀ ਸਿਲੈਕਟਰਾਂ ਦੇ ਨਾਲ 1 ਕਰੋੜ ਰੁਪਏ ਮਿਲੇ ਹਨ। ਬੈਕਰੂਮ ਕੋਚਿੰਗ ਸਟਾਫ ਯਾਨੀ ਕਿ 3 ਫਿਜ਼ਿਓਥੈਰੇਪਿਸਟ, 3 ਥ੍ਰੋਅਡਾਊਨ ਸਪੈਸ਼ਲਿਸਟ, 2 ਮਸਾਜ ਕਰਨ ਵਾਲੇ ਤੇ ਸਟ੍ਰੇਨਥ ਕੰਡੀਸ਼ਨਿੰਗ ਕੋਚ ਨੂੰ 2 ਕਰੋੜ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤੀਜਾ ਟੀ-20 ਮੈਚ ਹੋਵੇਗਾ ਅੱਜ
ਰਾਹੁਲ ਦ੍ਰਵਿੜ ਦਾ ਕਾਰਜਕਾਲ ਹੋਇਆ ਖ਼ਤਮ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਬਾਅਦ ਖਤਮ ਹੋ ਗਿਆ ਹੈ। ਦ੍ਰਵਿੜ ਨੇ ਟੀ-20 ਵਿਸ਼ਵ ਕੱਪ 2021 ਦੇ ਬਾਅਦ ਹੈੱਡ ਕੋਚ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੱਕ ਹੀ ਸੀ, ਪਰ BCCI ਨੇ ਇਸਨੂੰ ਵਧਾ ਦਿੱਤਾ ਸੀ। ਹੁਣ ਉਨ੍ਹਾਂ ਦੀ ਜਗ੍ਹਾ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਲੈ ਲਈ ਹੈ।