ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ
ਲੋਕ ਸਭਾ ਚੋਣਾਂ ਦੇ ਚੱਲਦਿਆਂ ਜਿੱਥੇ ਹਰ ਪਾਰਟੀ ਵੱਲੋਂ ਆਪਣੇ -ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ | ਇਸ ਲਿਸਟ ਵਿੱਚ 7 ਨਾਂ ਹਨ। ਜਿੰਨਾਂ ਵਿੱਚੋਂ 2 ਉਮੀਦਵਾਰ ਪੰਜਾਬ ਤੇ 5 ਉਮੀਦਵਾਰ ਬਿਹਾਰ ਦੇ ਹਨ।
ਮੁਹੰਮਦ ਸਦੀਕ ਦੀ ਕੱਟੀ ਟਿਕਟ
ਕਾਂਗਰਸ ਵੱਲੋਂ ਜਾਰੀ ਲਿਸਟ ਵਿੱਚ ਫਰੀਦਕੋਟ ਅਤੇ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਐਲਾਨੇ ਗਏ ਹਨ | ਇਸ ਵਾਰ ਕਾਂਗਰਸ ਪਾਰਟੀ ਨੇ ਅਮਰਜੀਤ ਕੌਰ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ ਜਿਸਦੇ ਚੱਲਦਿਆਂ ਮੁਹੰਮਦ ਸਦੀਕ ਦੀ ਟਿਕਟ ਕੱਟੀ ਜਾ ਚੁੱਕੀ ਹੈ ਅਤੇ ਯਾਮਿਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੱਸ ਦਈਏ ਕਿ ਯਾਮੀਨੀ ਗੋਮਰ ਨੇ 2014 ਵਿੱਚ ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਸੀ।
ਅਕਾਲੀ ਦਲ ਨੇ ਵੀ ਛੇ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਉੱਥੇ ਹੀ ਦੂਜੇ ਪਾਸੇ ਅੱਜ ਅਕਾਲੀ ਦਲ ਨੇ ਵੀ ਛੇ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਟਿਕਟ ਦਿੱਤੀ ਹੈ। ਵਰਦੇਵ ਸਿੰਘ ਨੋਨੀ ਮਾਨ ਨੂੰ ਫ਼ਿਰੋਜ਼ਪੁਰ, ਰਣਜੀਤ ਸਿੰਘ ਢਿੱਲੋਂ ਲੁਧਿਆਣਾ ਅਤੇ ਸੋਹਣ ਸਿੰਘ ਠੰਡਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਹੈ। ਚੰਡੀਗੜ੍ਹ ਸੀਟ ਤੋਂ ਹਰਦੀਪ ਸਿੰਘ ਬਤਰੇਲਾ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਸੋਮਵਾਰ ਨੂੰ ਹੀ ਪਾਰਟੀ ਵਿੱਚ ਸ਼ਾਮਲ ਹੋਏ ਹਨ |